ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ, ‘ਲਗਾਨ’ ਦੇ ਦੇਵਾ ਅਤੇ ‘ਗਜਨੀ’ ਦੇ ਖਲਨਾਇਕ ਕਿਰਦਾਰ ਲਈ ਸਨ ਮਸ਼ਹੂਰ

ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਫਿਲਮਾਂ ‘ਲਗਾਨ’ ਅਤੇ ‘ਗਜਨੀ’ ਵਿੱਚ ਆਪਣੇ ਯਾਦਗਾਰ ਕਿਰਦਾਰਾਂ ਲਈ ਜਾਣੇ ਜਾਂਦੇ ਪ੍ਰਦੀਪ ਰਾਵਤ ਦੇ ਦੇਹਾਂਤ ਦੀ ਜਾਣਕਾਰੀ ਅਦਾਕਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।

ਪ੍ਰਦੀਪ ਰਾਵਤ ਦੇ ਮੈਨੇਜਰ ਸਿੱਧਾਰਥ ਤਿਵਾੜੀ ਨੇ ਜਾਣਕਾਰੀ ਦਿੱਤੀ ਕਿ ਅਦਾਕਾਰ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਬਿਮਾਰੀ ਦੁਬਾਰਾ ਵਧਣ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਪੁੱਤਰ ਵਿਕਰਮਾਦਿੱਤਿਆ ਹਨ।

ਅਦਾਕਾਰ ਯਸ਼ਪਾਲ ਸ਼ਰਮਾ ਨੇ ਪ੍ਰਦੀਪ ਰਾਵਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਨੂੰ ‘ਲਗਾਨ’ ਦੇ ਦੇਵਾ ਅਤੇ ‘ਗਜਨੀ’ ਦੇ ਮਸ਼ਹੂਰ ਕਿਰਦਾਰ ਵਜੋਂ ਯਾਦ ਕੀਤਾ। ਉਨ੍ਹਾਂ ਨੇ ਆਪਣੇ ਸਹਿ-ਕਲਾਕਾਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।

ਚਾਰ ਦਹਾਕਿਆਂ ਤੋਂ ਵੱਧ ਦਾ ਰਿਹਾ ਫਿਲਮੀ ਸਫਰ

ਪ੍ਰਦੀਪ ਰਾਵਤ ਨੇ ਆਪਣੇ ਕਰੀਅਰ ਦੌਰਾਨ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਤੇਲਗੂ, ਤਮਿਲ ਅਤੇ ਨੇਪਾਲੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ।

ਉਨ੍ਹਾਂ ਨੂੰ ਸਭ ਤੋਂ ਪਹਿਲਾਂ ਟੈਲੀਵਿਜ਼ਨ ਸ਼ੋਅ ‘ਮਹਾਭਾਰਤ’ ਵਿੱਚ ਅਸ਼ਵੱਥਾਮਾ ਦੇ ਕਿਰਦਾਰ ਨਾਲ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਰੁਖ ਕੀਤਾ ਅਤੇ ਇੱਕ ਮਜ਼ਬੂਤ ਕਿਰਦਾਰ ਅਦਾਕਾਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ।

ਪ੍ਰਦੀਪ ਰਾਵਤ ਖਾਸ ਤੌਰ ‘ਤੇ ਨਕਾਰਾਤਮਕ ਕਿਰਦਾਰਾਂ ਲਈ ਮਸ਼ਹੂਰ ਰਹੇ। ਆਮਿਰ ਖਾਨ ਦੀ ਫਿਲਮ ‘ਗਜਨੀ’ ਵਿੱਚ ਉਨ੍ਹਾਂ ਦਾ ਖਲਨਾਇਕ ਕਿਰਦਾਰ ਅਤੇ ‘ਲਗਾਨ’ ਵਿੱਚ ਦੇਵਾ ਦਾ ਰੋਲ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ ‘ਸਈ’, ‘ਰਾਉਡੀ ਰਾਠੌਰ’ ਸਮੇਤ ਕਈ ਹੋਰ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀ ਦਮਦਾਰ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਸਕ੍ਰੀਨ ਪ੍ਰਜ਼ੈਂਸ ਨੇ ਉਨ੍ਹਾਂ ਨੂੰ ਫਿਲਮ ਜਗਤ ਵਿੱਚ ਇੱਕ ਖਾਸ ਮੁਕਾਮ ਦਿਵਾਇਆ।

ਪ੍ਰਦੀਪ ਰਾਵਤ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।