ਸ਼ਰਦ ਪਵਾਰ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖ਼ਲ

ਮਹਾਰਾਸ਼ਟਰ ਦੀ ਸਿਆਸਤ ਦੇ ਸੀਨੀਅਰ ਆਗੂ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਦੀ ਸਿਹਤ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਖੰਘ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਪੁਣੇ ਦੇ ਰੂਬੀ ਹਾਲ ਕਲੀਨਿਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ, ਸ਼ਰਦ ਪਵਾਰ ਦੀਆਂ ਮੁੱਢਲੀਆਂ ਮੈਡੀਕਲ ਜਾਂਚਾਂ ਦੀਆਂ ਰਿਪੋਰਟਾਂ ਨਾਰਮਲ ਦੱਸੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਸਿਹਤ ਸਬੰਧੀ ਪੈਰਾਮੀਟਰ ਸਥਿਰ ਹਨ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਦੇਸ਼ ਦੀ ਸਿਆਸਤ ਵਿੱਚ ਰਿਹਾ ਹੈ ਅਹਿਮ ਯੋਗਦਾਨ

ਸ਼ਰਦ ਪਵਾਰ ਦਾ ਸਿਆਸੀ ਪ੍ਰਭਾਵ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਰਿਹਾ। ਉਨ੍ਹਾਂ ਨੇ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ UPA ਸਰਕਾਰ ਵਿੱਚ ਉਹ ਲਗਭਗ ਦਸ ਸਾਲ ਤੱਕ ਖੇਤੀਬਾੜੀ ਮੰਤਰੀ ਰਹੇ।

ਇਸ ਤੋਂ ਇਲਾਵਾ, ਉਹ ਸਾਲ 2010 ਤੋਂ 2012 ਤੱਕ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਪ੍ਰਧਾਨ ਵੀ ਰਹੇ। ਮਹਾਰਾਸ਼ਟਰ ਦੀ ਗੱਠਜੋੜ ਸਿਆਸਤ ਵਿੱਚ ਉਨ੍ਹਾਂ ਦੀ ਭੂਮਿਕਾ ਖ਼ਾਸ ਰਹੀ ਹੈ। ਸਾਲ 2019 ਵਿੱਚ ਮਹਾਵਿਕਾਸ ਅਘਾੜੀ ਸਰਕਾਰ ਦੇ ਗਠਨ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

2023 ਵਿੱਚ NCP ਵਿੱਚ ਹੋਈ ਸੀ ਵੱਡੀ ਫੁੱਟ

ਸ਼ਰਦ ਪਵਾਰ ਦੇ ਲੰਬੇ ਸਿਆਸੀ ਸਫ਼ਰ ਦੌਰਾਨ ਸਾਲ 2023 ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਇਆ। ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਨੇ ਕਈ ਵਿਧਾਇਕਾਂ ਨਾਲ ਵੱਖਰਾ ਸਿਆਸੀ ਰਾਹ ਅਖ਼ਤਿਆਰ ਕਰ ਲਿਆ ਸੀ। ਇਸ ਘਟਨਾਕ੍ਰਮ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੋ ਧੜਿਆਂ ਵਿੱਚ ਵੰਡੀ ਗਈ।

ਫਿਲਹਾਲ ਸ਼ਰਦ ਪਵਾਰ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਜਾ ਰਹੀ ਹੈ।