ਚੰਡੀਗੜ੍ਹ: ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਕੂਲ ਵਿੱਚ ਕਿੰਡਰਗਾਰਟਨ ਦੀ ਵਿਦਿਆਰਥਣ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਨੋਟਿਸ ਲੈਂਦਿਆਂ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (HSCPCR) ਨੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਵੀ ਸਖ਼ਤ ਕਾਰਵਾਈ ਕੀਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਸਕੂਲ ਵਿੱਚ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਕਿੰਡਰਗਾਰਟਨ ਵਿੱਚ ਪੜ੍ਹਦੀ ਇੱਕ ਛੋਟੀ ਬੱਚੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਅਧਿਆਪਕਾਂ ਦੀ ਨਿਗਰਾਨੀ ਪ੍ਰਣਾਲੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਵਿੱਚ ਤਾਇਨਾਤ ਦੋ JBT ਅਧਿਆਪਕਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੀਆਂ ਅਧਿਆਪਕਾਵਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ।
ਇਸ ਘਟਨਾ ਨੇ ਸਕੂਲਾਂ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਦੀ ਸੁਰੱਖਿਆ, ਅਧਿਆਪਕਾਂ ਦੀ ਜ਼ਿੰਮੇਵਾਰੀ ਅਤੇ ਸਕੂਲ ਪ੍ਰਬੰਧਕਾਂ ਦੀ ਜਵਾਬਦੇਹੀ ਬਾਰੇ ਚਿੰਤਾ ਵਧਾ ਦਿੱਤੀ ਹੈ। ਹੁਣ ਜਾਂਚ ਤੋਂ ਬਾਅਦ ਹੀ ਘਟਨਾ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
