2 ਕਰੋੜ ਦੀ ਫਿਰੋਤੀ ਮੰਗਣ ਵਾਲੇ ਗੈਂਗਸਟਰ ਦਾ ਪੁਲਿਸ ਨੇ ਕੀਤਾ Encounter

ਮੋਹਾਲੀ, 21 ਜੁਲਾਈ — ਮੋਹਾਲੀ ‘ਚ ਅੱਜ ਸਵੇਰੇ ਇੱਕ ਵੱਡੀ ਮੁਠਭੇੜ ‘ਚ ਖਾਲਿਸਤਾਨੀ ਆਤੰਕੀ ਸੰਸਥਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਗੈਂਗਸਟਰ ਗੁਰਪਰੀਤ ਸਿੰਘ ਗੋਪੀ ਪੁਲਿਸ ਗੋਲ਼ੀਬਾਰੀ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਗੋਪੀ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਹੈ।

ਜਾਣਕਾਰੀ ਮੁਤਾਬਕ, ਗੋਪੀ ਨੇ ਹਾਲ ਹੀ ਵਿੱਚ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰ ਕੇ 2 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਅੱਜ ਉਸਦੇ ਸ਼ਹਿਰ ‘ਚ ਮੌਜੂਦ ਹੋਣ ਦੀ ਸੁਚਨਾ ਮਿਲੀ ਸੀ।

ਜਦੋਂ ਪੁਲਿਸ ਟੀਮ ਨੇ ਗੋਪੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਪੁਲਿਸ ਉੱਤੇ 4 ਤੋਂ 5 ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਗੋਪੀ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।

ਮੌਕੇ ਤੋਂ ਗੋਪੀ ਦੀ ਮੋਟਰਸਾਈਕਲ, ਇੱਕ ਪਿਸਤੌਲ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਹਾਲੇ ਵੀ ਥਾਂ-ਥਾਂ ਖੋਲਾਂ ਦੇ ਢੇਰ ਪਏ ਹੋਏ ਨੇ ਅਤੇ ਮੌਕੇ ਦੀ ਜਾਂਚ ਜਾਰੀ ਹੈ।

ਪੁਲਿਸ ਮੁਤਾਬਕ ਗੋਪੀ ਅਤੇ ਉਸਦੇ ਸਾਥੀਆਂ ਉੱਤੇ ਕਈ ਗੰਭੀਰ ਮਾਮਲੇ ਦਰਜ ਹਨ ਅਤੇ ਉਹ ਲੰਬੇ ਸਮੇਂ ਤੋਂ ਵਾਂਛਿਤ ਸਨ। ਇਸ ਕਾਰਵਾਈ ਨੂੰ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।