ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਨੇ ਖੋਲ੍ਹੇ ਕਈ ਰਾਜ਼, ਦੁਬਈ ‘ਚ ਰਚੀ ਸੀ ਸਾਜ਼ਿਸ਼

ਪੰਜਾਬ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਉਰਫ਼ ਥਾਪਨ ਨੂੰ ਦਿੱਲੀ ਪੁਲਿਸ ਨੇ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਚਿਨ ਬਿਸ਼ਨੋਈ ਨੇ ਵੱਡੇ ਖੁਲਾਸੇ ਕੀਤੇ ਹਨ। ਗੈਂਗਸਟਰ ਸਚਿਨ ਨੇ ਦੱਸਿਆ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ।

ਸਚਿਨ ਨੇ ਖੁਲਾਸਾ ਕੀਤਾ ਕਿ ਇੱਥੋਂ ਹੀ ਉਸ ਦਾ ਸੰਪਰਕ ਲਾਰੈਂਸ ਅਤੇ ਗੋਲਡੀ ਬਰਾੜ ਨਾਲ ਹੋਇਆ ਸੀ ਅਤੇ ਲਾਰੈਂਸ ਦੇ ਕਹਿਣ ‘ਤੇ ਹੀ ਉਸ ਨੇ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਗੈਂਗਸਟਰ ਲਾਰੈਂਸ ਵੀ ਜੇਲ੍ਹ ਤੋਂ ਫ਼ੋਨ ‘ਤੇ ਉਸ ਨਾਲ ਲਗਾਤਾਰ ਸੰਪਰਕ ਵਿੱਚ ਸੀ। ਇਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਅਪ੍ਰੈਲ ‘ਚ ਦੁਬਈ ਭੱਜ ਗਿਆ। ਸਚਿਨ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਗੈਂਗਸਟਰ ਵਿਕਰਮ ਬਰਾੜ ਨੂੰ ਪਹਿਲੀ ਵਾਰ ਦੁਬਈ ਵਿੱਚ ਮਿਲਿਆ ਸੀ ਅਤੇ ਕਰੀਬ ਡੇਢ ਮਹੀਨੇ ਤੱਕ ਉਸਦੇ ਫਲੈਟ ਵਿੱਚ ਰਿਹਾ। ਇੱਥੋਂ ਉਹ ਅਜ਼ਰਬਾਈਜਾਨ ਲਈ ਰਵਾਨਾ ਹੋ ਗਿਆ। ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸਾਰੇ ਪੈਸੇ ਅਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਸੀ।

ਦੂਜੇ ਪਾਸੇ ਦਿੱਲੀ ਪੁਲਿਸ ਨੇ ਗੈਂਗਸਟਰ ਸਚਿਨ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 10 ਦਿਨਾਂ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੀ ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।