ਗੋਰਾਇਆ ‘ਚ ਪੁਲ ਤੋਂ ਹੇਠਾਂ ਡਿੱਗੀ ਕ੍ਰੇਟਾ ਕਾਰ, ਦੋ ਵਿਅਕਤੀ ਜ਼ਖਮੀ

ਜਲੰਧਰ ਦੇਹਾਤ ਅਧੀਨ ਆਉਂਦੇ ਗੋਰਾਇਆ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਕ੍ਰੇਟਾ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਸੜਕ ‘ਤੇ ਜਾ ਡਿੱਗੀ। ਹਾਦਸੇ ਦੌਰਾਨ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ, ਹਾਲਾਂਕਿ ਗਨੀਮਤ ਰਹੀ ਕਿ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸੁਰੱਖਿਅਤ ਰਹੇ ਅਤੇ ਉਨ੍ਹਾਂ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ

ਜਾਣਕਾਰੀ ਮੁਤਾਬਕ ਕਾਰ ਸਵਾਰ ਸਰਦਾਰ ਜਸਬੀਰ ਸਿੰਘ ਆਪਣੇ ਪੁੱਤਰ ਨੂੰ ਲੈਣ ਲਈ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ-ਬੇਗੋਵਾਲ ਤੋਂ ਦਿੱਲੀ ਏਅਰਪੋਰਟ ਵੱਲ ਜਾ ਰਹੇ ਸਨ। ਜਦੋਂ ਉਹ ਗੋਰਾਇਆ ਚੌਕ ਨੇੜੇ ਪੁਲ ਦੇ ਕੋਲ ਪਹੁੰਚੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਵਾਹਨ ਪੁਲ ਤੋਂ ਹੇਠਾਂ ਜਾ ਡਿੱਗਿਆ

ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਕਾਰ ਵਿੱਚ ਮੌਜੂਦ ਦੋਵੇਂ ਵਿਅਕਤੀ ਠੀਕ ਹਨ ਅਤੇ ਉਨ੍ਹਾਂ ਨੂੰ ਹਲਕੀਆਂ ਸੱਟਾਂ ਹੀ ਆਈਆਂ ਹਨ

ਹਾਦਸੇ ਕਾਰਨ ਕ੍ਰੇਟਾ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ