ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ ਵਿੱਚ ਹੋਏ ਦੋਹਰੇ ਪੁਲਿਸ ਹੱਤਿਆ ਕਾਂਡ ਮਾਮਲੇ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦਾਸਪੁਰ ਦੇ ਐੱਸ.ਐੱਸ.ਪੀ. ਆਦਿਤਿਆ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਦਿਲਾਵਰ ਸਿੰਘ ਦੇ ਖੁਲਾਸਿਆਂ ਨੇ ਖੋਲ੍ਹੀ ਪੋਲ
ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਿਲਾਵਰ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੰਦਿਆਂ ਕਈ ਵੱਡੇ ਖੁਲਾਸੇ ਕੀਤੇ ਸਨ। ਦਿਲਾਵਰ ਨੇ ਦਾਅਵਾ ਕੀਤਾ ਸੀ ਕਿ ਵਾਰਦਾਤ ਦੌਰਾਨ ਗੋਲੀਆਂ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਚਲਾਈਆਂ ਸਨ। ਉਸਨੇ ਇਹ ਵੀ ਕਿਹਾ ਕਿ ਉਹ ਸਿਰਫ਼ ਉਨ੍ਹਾਂ ਦੇ ਨਾਲ ਸੀ, ਪਰ ਗੋਲੀ ਚਲਾਉਣ ਵਿੱਚ ਉਸਦਾ ਹੱਥ ਨਹੀਂ ਸੀ। ਹਾਲਾਂਕਿ, ਪੁਲਿਸ ਜਾਂਚ ਮੁਤਾਬਕ ਇੰਦਰਜੀਤ ਨੇ ਮੁੱਖ ਸਾਜ਼ਿਸ਼ ਘੜਿਆਂ ਨਾਲ ਮਿਲ ਕੇ ਇਸ ਹੱਤਿਆ ਦੀ ਪੂਰੀ ਯੋਜਨਾ ਬਣਾਈ ਸੀ
ਵਾਰਦਾਤ ਦਾ ਪਿਛੋਕੜ
ਇਹ ਭਿਆਨਕ ਘਟਨਾ 21 ਫਰਵਰੀ 2026 ਦੀ ਰਾਤ ਨੂੰ ਵਾਪਰੀ ਸੀ:
ਦੁਰਾਂਗਲਾ ਇਲਾਕੇ ਵਿੱਚ ਸਥਿਤ ਆਦੀਆਂ ਪੁਲਿਸ ਪੋਸਟ। ਡਿਊਟੀ ‘ਤੇ ਤਾਇਨਾਤ ਪੁਲਿਸ ਕਰਮੀ ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ, ਮੁਲਜ਼ਮਾਂ ਨੇ ਪੁਲਿਸ ਚੌਂਕੀ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਦੋਵਾਂ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ
ਟੈਕਨੀਕਲ ਸੁਰਾਗਾਂ ਰਾਹੀਂ ਹੋਈ ਗ੍ਰਿਫ਼ਤਾਰੀ
ਪੁਲਿਸ ਸੂਤਰਾਂ ਅਨੁਸਾਰ, ਇੰਦਰਜੀਤ ਸਿੰਘ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਦੀ ਲੋਕੇਸ਼ਨ ਟ੍ਰੇਸ ਕਰਨ ਲਈ ਟੈਕਨੀਕਲ ਸੁਰਾਗਾਂ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕੀਤੀ। ਅੰਮ੍ਰਿਤਸਰ ਵਿੱਚ ਕੀਤੀ ਗਈ ਇੱਕ ਗੁਪਤ ਛਾਪੇਮਾਰੀ ਦੌਰਾਨ ਪੁਲਿਸ ਨੇ ਉਸ ਨੂੰ ਦਬੋਚ ਲਿਆ
ਅਗਲੀ ਕਾਰਵਾਈ
ਪੁਲਿਸ ਹੁਣ ਮੁਲਜ਼ਮ ਇੰਦਰਜੀਤ ਸਿੰਘ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਐੱਸ.ਐੱਸ.ਪੀ. ਆਦਿਤਿਆ ਅਨੁਸਾਰ, ਪੁਲਿਸ ਰਿਮਾਂਡ ਹਾਸਲ ਕਰਕੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਕਾਂਡ ਦੇ ਪਿੱਛੇ ਦੇ ਅਸਲ ਮਕਸਦ ਅਤੇ ਹੋਰ ਸਾਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ
#punjabnews #punjabbreakingnews #Punjabtrendingnews #gurdaspurnews #newsinpunjab #Punjabinews
