ਗੁਰਦਾਸਪੁਰ : ਪੰਜਾਬ ਦੇ CM ਭਗਵੰਤ ਮਾਨ ਨੇ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ ਦੇ ਮਾਲਕ 30 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਅੱਜ 377 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
CM ਮਾਨ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦਾ ਦੁੱਖ ਸੁਣਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਹਰ ਪ੍ਰਭਾਵਿਤ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਮੁਆਵਜ਼ੇ ਦੇ ਮੁੱਖ ਨੁਕਤੇ
- ਕੁੱਲ ਰਾਸ਼ੀ: 377 ਕਰੋੜ ਰੁਪਏ।
- ਲਾਭਪਾਤਰੀ: 30,000 ਤੋਂ ਵੱਧ ਪਰਿਵਾਰ, ਜਿਨ੍ਹਾਂ ਦੇ ਘਰ ਹੜ੍ਹਾਂ ਵਿੱਚ ਨੁਕਸਾਨੇ ਗਏ।
- ਘਰਾਂ ਲਈ ਮੁਆਵਜ਼ਾ:
- ਪੂਰੀ ਤਰ੍ਹਾਂ ਨੁਕਸਾਨੇ ਗਏ ਘਰ ਲਈ ₹1.20 ਲੱਖ ਦਿੱਤੇ ਜਾ ਰਹੇ ਹਨ।
- ਪੁਨਰ-ਨਿਰਮਾਣ ਲਈ ਹਰੇਕ ਯੋਗ ਪਰਿਵਾਰ ਨੂੰ ਪਹਿਲੀ ਕਿਸ਼ਤ ਵਜੋਂ ₹70,000 ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਬਾਕੀ ਰਾਸ਼ੀ ਦੋ ਹੋਰ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।
- ਖਾਸ ਜ਼ਿਲ੍ਹੇ ‘ਤੇ ਫੋਕਸ: ਸੂਬੇ ਭਰ ਵਿੱਚ ਨੁਕਸਾਨੇ ਗਏ ਲਗਪਗ 30,000 ਘਰਾਂ ਵਿੱਚੋਂ 8,056 ਘਰ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ।
ਫਸਲ ਅਤੇ ਪੁਨਰ-ਨਿਰਮਾਣ ਲਈ ਹੋਰ ਸਹਾਇਤਾ
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੌਰਾਨ ਹੋਏ ਫਸਲੀ ਨੁਕਸਾਨ ਲਈ ਕਿਸਾਨਾਂ ਨੂੰ ₹20,000 ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦੀ ਅਦਾਇਗੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।
ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਵਿੱਚ ਤੇਜ਼ੀ ਲਿਆਉਣ ਲਈ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੁਨਰ-ਨਿਰਮਾਣ ਦਾ ਕੰਮ ਮਗਨਰੇਗਾ (MGNREGA) ਅਧੀਨ ਲਿਆਂਦਾ ਗਿਆ ਹੈ। ਇਸ ਨਾਲ ਲਾਭਪਾਤਰੀਆਂ ਨੂੰ ਆਪਣੇ ਘਰ ਬਣਾਉਣ ਲਈ 90 ਦਿਨਾਂ ਦਾ ਕੰਮ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਇਸ ਆਫ਼ਤ ਦੌਰਾਨ ਨਿਰਸਵਾਰਥ ਸੇਵਾਵਾਂ ਦੇਣ ਲਈ ਪੰਜਾਬ ਅਤੇ ਹੋਰ ਸੂਬਿਆਂ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਅਤੇ ਵਲੰਟੀਅਰਾਂ ਦੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਪੰਜਾਬੀਆਂ ਦੇ ਮੁਸੀਬਤ ਵਿੱਚੋਂ ਨਿਕਲਣ ਦੇ ਜੁਝਾਰੂ ਜਜ਼ਬੇ ਦੀ ਤਾਰੀਫ਼ ਕੀਤੀ


