ਹਰਿਆਣਾ ਦੇ ਨੂਹ ਤੋਂ ਸ਼ੁਰੂ ਹੋਈ ਹਿੰਸਾ ਕਰਕੇ ਹੁਣ ਪੂਰਾ ਸੂਬਾ ਹਾਈ ਅਲਰਟ ‘ਤੇ ਹੈ। ਇਸ ਦੌਰਾਨ ਨੂਹ ਦੇ ਨਾਲ ਨਾਲ ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੀਆਂ ਤਿੰਨ ਸਬ-ਡਿਵੀਜ਼ਨਾਂ ਵਿੱਚ ਮਾਹੌਲ ਤਣਾਅਪੂਰਨ ਬਣੇ ਹੋਏ ਹਨ। ਅਜਿਹੇ ‘ਚ ਹਰਿਆਣਾ ਸਰਕਾਰ ਵੱਲੋਂ ਉਕਤ ਇਲਾਕਿਆਂ ਵਿੱਚ 5 ਅਗਸਤ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਇਸ ਸੰਬੰਧੀ ਹੁਕਮ ਜਾਰੀ ਕਰਦਿਆਂ, ਹਰਿਆਣਾ ਦੇ ਗ੍ਰਹਿ ਸਕੱਤਰ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਲਾਤ ਨਾਜ਼ੁਕ ਅਤੇ ਤਣਾਅਪੂਰਨ ਬਣੇ ਹੋਏ ਹਨ। ਦੱਸ ਦਈਏ ਕਿ ਇਸ ਹਫਤੇ ਦੀ ਸ਼ੁਰੂਆਤ ਵਿੱਚ ਯਾਨੀ ਸੋਮਵਾਰ ਦੀ ਦੁਪਹਿਰ ਨੂੰ ਨੂਹ ਵਿੱਚ ਦੋ ਸਮੂਹਾਂ ਵਿਚਕਾਰ ਝੜਪ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਵਿੱਚੋਂ ਲੰਘ ਰਹੇ ਇੱਕ ਧਾਰਮਿਕ ਜਲੂਸ ‘ਤੇ ਹਮਲਾ ਕੀਤਾ ਗਿਆ ਸੀ ਜਿਸਤੋਂ ਬਾਅਦ ਝੜਪ ਨੇ ਹਿੰਸਾ ਦਾ ਰੂਪ ਧਾਰ ਲਿਆ ਸੀ। ਇਸ ਦੌਰਾਨ ਦੋ ਹੋਮਗਾਰਡ ਮਾਰੇ ਗਏ ਸਨ ਅਤੇ ਲਗਭਗ 20 ਪੁਲਿਸ ਕਰਮਚਾਰੀਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ ਸਨ।
