ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ ਕਰੀਬ 45 ਮਿੰਟ ਤੱਕ ਮਹੱਤਵਪੂਰਨ ਦੁਵੱਲੀ ਮੀਟਿੰਗ ਹੋਈ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਭਾਰਤ-ਰੂਸ ਸਬੰਧਾਂ ਅਤੇ ਰਣਨੀਤਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਚਟਕਾ ਕੀਤਾ।
ਭਾਰਤ ਮੰਡਪਮ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਦਾ ਨਿੱਘੀ ਜੱਫੀ ਪਾ ਕੇ ਸਵਾਗਤ ਕੀਤਾ। ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਤਾਮਿਲ ਦੇ ਮਹਾਨ ਕਵੀ ਅਤੇ ਦਾਰਸ਼ਨਿਕ ਤਿਰੁਵੱਲੁਵਰ ਦੀ ਪ੍ਰਸਿੱਧ ਰਚਨਾ ‘ਤਿਰੁੱਕੁਰਲ’ ਦਾ ਰੂਸੀ ਅਨੁਵਾਦ ਭੇਟ ਕੀਤਾ।
ਤਾਮਿਲ ਭਾਸ਼ਾ ਦੀ ਇਸ ਪ੍ਰਸਿੱਧ ਕਲਾਸਿਕ ਰਚਨਾ ਵਿੱਚ 1,330 ਛੋਟੇ ਦੋਹੇ ਸ਼ਾਮਲ ਹਨ, ਜੋ ਨੇਕੀ, ਦੌਲਤ, ਪਿਆਰ ਅਤੇ ਜੀਵਨ ਨਾਲ ਜੁੜੇ ਵੱਖ-ਵੱਖ ਪੱਖਾਂ ਦੀ ਸਿੱਖਿਆ ਦਿੰਦੇ ਹਨ। ਇਸ ਰਚਨਾ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਨਾਇਰਾ ਮਕਰਤਚਯਾਨ ਵੱਲੋਂ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਆਗੂ ਇੱਕੋ ਕਾਰ ਵਿੱਚ ਸਵਾਰ ਹੋ ਕੇ ਉਦਯੋਗਿਕ ਪ੍ਰਦਰਸ਼ਨੀ ਲਈ ਰਵਾਨਾ ਹੋਏ।
ਮੀਟਿੰਗ ਦੌਰਾਨ ਰਾਜਨੀਤਿਕ, ਆਰਥਿਕ, ਰੱਖਿਆ, ਊਰਜਾ, ਪੁਲਾੜ, ਆਵਾਜਾਈ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਜਿਹੇ ਖੇਤਰਾਂ ਵਿੱਚ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਦੋਵੇਂ ਦੇਸ਼ 2030 ਤੱਕ 100 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਵਪਾਰ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਇਸ ਮੌਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਗੱਲਬਾਤ ਨੂੰ ‘ਵਿਹਾਰਕ’ ਕਰਾਰ ਦਿੰਦਿਆਂ ਦੋਵਾਂ ਨੇਤਾਵਾਂ ਵਿਚਕਾਰ ਨਜ਼ਦੀਕੀ ਨਿੱਜੀ ਸਬੰਧਾਂ ਨੂੰ ਦੁਵੱਲੇ ਸਹਿਯੋਗ ਲਈ ਬਹੁਤ ਮਹੱਤਵਪੂਰਨ ਦੱਸਿਆ।
ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੇ 18ਵੇਂ BRICS ਸੰਮੇਲਨ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚੇ ਹਨ, ਜੋ ਕਿ 12 ਅਤੇ 13 ਸਤੰਬਰ ਨੂੰ ਚੱਲੇਗਾ। ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
