ਕਾਲਜ ‘ਚ ਖ਼ੌਫ਼ਨਾਕ ਵਾਰਦਾਤ: ਵਿਦਿਆਰਥਣ ਨੇ ਕਲਾਸਰੂਮ ‘ਚ ਕੀਤੀ ਖ਼ੁਦਕੁਸ਼ੀ

ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਅਧੀਨ ਪੈਂਦੇ ਪਾਲਮਪੁਰ ਇੱਕ ਕਾਲਜ ਵਿੱਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲਜ ਦੀ ਇੱਕ ਵਿਦਿਆਰਥਣ ਦੀ ਲਾਸ਼ ਕੈਂਪਸ ਦੇ ਅੰਦਰ ਇੱਕ ਕਮਰੇ ਵਿੱਚੋਂ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ।

ਮ੍ਰਿਤਕਾ ਦੀ ਪਛਾਣ ਤਮੰਨਾ (ਉਰਫ਼ ਤਨੂ) ਵਜੋਂ ਹੋਈ ਹੈ, ਜੋ ਧਾਂਡੇਰਾ ਪਿੰਡ (ਤਿਨਬੜ ਨੇੜੇ) ਦੀ ਰਹਿਣ ਵਾਲੀ ਸੀ। ਉਹ ਕਾਲਜ ਵਿੱਚ ਬੀ.ਏ. ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਪੁਲਿਸ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਦਮ ਯੋਜਨਾਬੱਧ ਸੀ। ਹਾਲਾਂਕਿ ਕਾਲਜ ਵਿੱਚ ਯੂਨੀਫਾਰਮ ਕੋਡ ਲਾਗੂ ਹੈ, ਪਰ ਤਨੂ ਆਪਣੇ ਬੈਗ ਵਿੱਚ ਇੱਕ ਵੱਖਰਾ ਦੁਪੱਟਾ ਲੁਕਾ ਕੇ ਲਿਆਈ ਸੀ, ਜਿਸਦੀ ਵਰਤੋਂ ਉਸਨੇ ਇਹ ਕਦਮ ਚੁੱਕਣ ਲਈ ਕੀਤੀ।

ਕਾਲਜ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦਿਆਰਥਣ ਪਹਿਲਾਂ ਟਾਇਲਟ ਗਈ ਅਤੇ ਫਿਰ ਇੱਕ ਖਾਲੀ ਕਲਾਸਰੂਮ ਵਿੱਚ ਦਾਖਲ ਹੋਈ। ਉੱਥੇ ਉਸਨੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਵੀ ਸਾਹਮਣੇ ਆਇਆ ਹੈ ਕਿ ਘਟਨਾ ਵਾਲੇ ਦਿਨ ਉਹ ਆਮ ਦਿਨਾਂ ਦੇ ਮੁਕਾਬਲੇ ਪਹਿਲੀ ਬੱਸ ਰਾਹੀਂ ਕਾਲਜ ਜਲਦੀ ਪਹੁੰਚ ਗਈ ਸੀ।

ਪੁਲਿਸ ਦੀ ਕਾਰਵਾਈ

ਘਟਨਾ ਦੀ ਸੂਚਨਾ ਮਿਲਦੇ ਹੀ ਕਾਲਜ ਪ੍ਰਸ਼ਾਸਨ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।