ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹਰਦੋਖਾਨਪੁਰ ‘ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਪਿੰਡ ਹਰਦੋਖਾਨਪੁਰ ਦੇ ਭਗਵਾਨ ਵਾਲਮੀਕਿ ਮੰਦਰ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਵਿੱਚ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦੇ ਕਾਉਂਸਲਰ ਪ੍ਰਸ਼ਾਂਤ ਆਦੀਆ, ਕਾਉਂਸਲਰ ਪਰਮਿੰਦਰ ਕੌਰ ਅਤੇ ਸਟਾਫ਼ ਨਰਸ ਤਰੁਣ ਗਿੱਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਪਿੰਡ ਦੇ ਪਤਵੰਤੇ ਵਿਅਕਤੀਆਂ, ਅਧਿਆਪਕਾਂ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

ਕਾਉਂਸਲਰ ਪ੍ਰਸ਼ਾਂਤ ਆਦਿਆ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਲਤ ਵਿਅਕਤੀ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨਸ਼ਾ ਸਿਰਫ਼ ਇੱਕ ਬੁਰੀ ਆਦਤ ਨਹੀਂ, ਸਗੋਂ ਇੱਕ ਬਿਮਾਰੀ ਹੈ, ਜਿਸ ਦਾ ਸਮੇਂ ਸਿਰ ਢੁਕਵੇਂ ਡਾਕਟਰੀ ਇਲਾਜ ਅਤੇ ਕਾਊਂਸਲਿੰਗ ਰਾਹੀਂ ਇਲਾਜ ਸੰਭਵ ਹੈ। ਉਨ੍ਹਾਂ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਲੈ ਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਸ਼ਾ ਮੁਕਤੀ ਇਲਾਜ ਦੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਕਾਉਂਸਲਰ ਪਰਮਿੰਦਰ ਕੌਰ ਨੇ ਕਿਹਾ ਕਿ ਨਸ਼ਾਖੋਰੀ ਇੱਕ ਗੰਭੀਰ ਸਮਾਜਿਕ ਅਤੇ ਮਾਨਸਿਕ ਸਿਹਤ ਸਮੱਸਿਆ ਹੈ, ਜਿਸ ਦਾ ਪ੍ਰਭਾਵ ਨਸ਼ਾ ਕਰਨ ਵਾਲੇ ਵਿਅਕਤੀ ਦੇ ਨਾਲ-ਨਾਲ ਉਸ ਦੇ ਪਰਿਵਾਰ ਅਤੇ ਸਮੁੱਚੇ ਸਮਾਜ ‘ਤੇ ਵੀ ਪੈਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਤੰਬਾਕੂ ਅਤੇ ਸਿਗਰਟ ਸਮੇਤ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਨਫ਼ਰਤ ਜਾਂ ਭੇਦਭਾਵ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ ਅਤੇ ਕਾਊਂਸਲਿੰਗ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਪਰਿਵਾਰ ਦਾ ਸਹਿਯੋਗ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਕਾਉਂਸਲਰ ਪ੍ਰਸ਼ਾਂਤ ਆਦੀਆ ਨੇ ਟੈਲੀ-ਮਾਨਸ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਿਕ ਤਣਾਅ, ਚਿੰਤਾ, ਉਦਾਸੀ ਅਤੇ ਨਸ਼ਿਆਂ ਸਬੰਧੀ ਸਲਾਹ-ਮਸ਼ਵਰੇ ਲਈ 24 ਘੰਟੇ ਚੱਲਣ ਵਾਲੀ ਮੁਫ਼ਤ ਹੈਲਪਲਾਈਨ 14416 ਅਤੇ 1800-89-14416 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਸਹਾਇਤਾ ਲਈ 85580-01882 ਹੈਲਪਲਾਈਨ ਨੰਬਰ ਵੀ ਉਪਲਬਧ ਹੈ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਲ ਸਿਵਲ ਹਸਪਤਾਲ ਦਸੂਹਾ ਵਿਖੇ ਨਸ਼ਾ ਮੁਕਤੀ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ ਨਸ਼ੇ ਤੋਂ ਪ੍ਰਭਾਵਿਤ ਮਰੀਜ਼ਾਂ ਦਾ 15 ਤੋਂ 21 ਦਿਨਾਂ ਤੱਕ ਡਿਟੌਕਸੀਫਿਕੇਸ਼ਨ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਮਰੀਜ਼ਾਂ ਨੂੰ ਸਰਕਾਰੀ ਮੁੜ ਵਸੇਬਾ ਕੇਂਦਰ, ਮੁਹੱਲਾ ਫਤਿਹਗੜ੍ਹ, ਹੁਸ਼ਿਆਰਪੁਰ ਵਿਖੇ 90 ਦਿਨਾਂ ਲਈ ਦਾਖ਼ਲ ਕਰਕੇ ਇਲਾਜ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਮੁੜ ਵਸੇਬਾ ਕੇਂਦਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਕਿੱਤਾਮੁਖੀ ਹੁਨਰ ਵਿਕਾਸ ਪ੍ਰੋਗਰਾਮਾਂ ਤਹਿਤ ਵੱਖ-ਵੱਖ ਹੁਨਰ ਸਿਖਾਉਣ ਵਾਲੇ ਸਿਖਲਾਈ ਕੋਰਸ ਵੀ ਕਰਵਾਏ ਜਾਂਦੇ ਹਨ, ਤਾਂ ਜੋ ਇਲਾਜ ਤੋਂ ਬਾਅਦ ਉਹ ਆਤਮ-ਨਿਰਭਰ ਬਣ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆ ਸਕਣ।

ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਸੀ.ਐੱਚ.ਸੀ. ਪੱਧਰ ‘ਤੇ ਓ.ਓ.ਏ.ਟੀ. ਕਲੀਨਿਕ ਚਲਾਏ ਜਾ ਰਹੇ ਹਨ, ਜਿੱਥੇ ਮਰੀਜ਼ ਅਤੇ ਪਰਿਵਾਰ ਦੀ ਲਿਖਤੀ ਸਹਿਮਤੀ ਤੋਂ ਬਾਅਦ ਦਵਾਈਆਂ ਰਾਹੀਂ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਚਲਾਏ ਜਾ ਰਹੇ ਓ.ਐੱਸ.ਟੀ. ਕੇਂਦਰਾਂ ਵਿੱਚ ਟੀਕੇ ਰਾਹੀਂ ਨਸ਼ਾ ਕਰਨ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਇਲਾਜ ਅਤੇ ਸਹਾਇਤਾ ਸੇਵਾਵਾਂ ਉਪਲਬਧ ਹਨ