2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ: ਸੀਨੀਅਰ ਵਕੀਲ HS ਫੂਲਕਾ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ : ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ (ਐਚ.ਐਸ. ਫੂਲਕਾ) ਅਧਿਕਾਰਤ ਤੌਰ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਸ ਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। HS ਫੂਲਕਾ ਅੱਜ ਨਵੀਂ ਦਿੱਲੀ ਵਿਖੇ ਪਾਰਟੀ ਦੇ ਰਾਸ਼ਟਰੀ ਮੁੱਖ ਦਫਤਰ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ

ਸਿਆਸਤ ਵਿੱਚ ਵਾਪਸੀ
ਲਗਭਗ ਸੱਤ ਸਾਲਾਂ ਦੇ ਸਿਆਸੀ ਬਨਵਾਸ ਤੋਂ ਬਾਅਦ ਫੂਲਕਾ ਦੀ ਸਰਗਰਮ ਰਾਜਨੀਤੀ ਵਿੱਚ ਇਹ ਵਾਪਸੀ ਹੈ। ਉਹ 2019 ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਸਰਗਰਮ ਸਿਆਸਤ ਛੱਡ ਕੇ ਪੂਰੀ ਤਰ੍ਹਾਂ ਸਮਾਜ ਸੇਵਾ ਅਤੇ ਕਾਨੂੰਨੀ ਕੰਮਾਂ ਵਿੱਚ ਜੁੱਟ ਗਏ ਸਨ

ਕੌਣ ਹਨ ਐਚ.ਐਸ. ਫੂਲਕਾ?
ਹਰਵਿੰਦਰ ਸਿੰਘ ਫੂਲਕਾ ਸੁਪਰੀਮ ਕੋਰਟ ਦੇ ਇੱਕ ਮੰਨੇ-ਪ੍ਰਮੰਨੇ ਸੀਨੀਅਰ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਹਨ। ਉਹਨਾਂ ਬਾਰੇ ਕੁਝ ਅਹਿਮ ਜਾਣਕਾਰੀਆਂ:

1984 ਦੇ ਪੀੜਤਾਂ ਦੇ ਮਸੀਹਾ: ਫੂਲਕਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਦਹਾਕਿਆਂ ਤੱਕ ਬਿਨਾਂ ਕਿਸੇ ਫੀਸ ਦੇ ਕਾਨੂੰਨੀ ਲੜਾਈ ਲੜੀ ਅਤੇ ਕਈ ਵੱਡੇ ਸਿਆਸਤਦਾਨਾਂ ਨੂੰ ਸਜ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ

ਪਦਮ ਸ਼੍ਰੀ ਸਨਮਾਨ: ਸਮਾਜ ਅਤੇ ਕਾਨੂੰਨ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਆਮ ਆਦਮੀ ਪਾਰਟੀ ਦਾ ਸਫਰ: ਉਹਨਾਂ ਨੇ 2014 ਵਿੱਚ ‘ਆਪ’ ਰਾਹੀਂ ਸਿਆਸਤ ਵਿੱਚ ਕਦਮ ਰੱਖਿਆ ਸੀ। 2017 ਵਿੱਚ ਉਹ ਦਾਖਾ ਹਲਕੇ ਤੋਂ ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ

ਭਾਜਪਾ ‘ਚ ਸ਼ਾਮਲ ਹੋਣ ਦੇ ਸਿਆਸੀ ਮਾਇਨੇ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਭਾਜਪਾ ਲਈ ਫੂਲਕਾ ਇੱਕ ਬੇਦਾਗ ਅਤੇ ਸਤਿਕਾਰਤ ਚਿਹਰਾ ਸਾਬਤ ਹੋ ਸਕਦੇ ਹਨ। ਖ਼ਾਸ ਕਰਕੇ ਪੰਥਕ ਵੋਟ ਬੈਂਕ ਅਤੇ ਸ਼ਹਿਰੀ ਵਰਗ ਵਿੱਚ ਉਹਨਾਂ ਦੀ ਚੰਗੀ ਪਕੜ ਹੈ।

ਸੁਨੀਲ ਜਾਖੜ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਫੂਲਕਾ ਵਰਗੀ ਸ਼ਖਸੀਅਤ ਦਾ ਪਾਰਟੀ ਵਿੱਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਭਰੋਸਾ ਕਰ ਰਹੇ ਹਨ