ਚੰਡੀਗੜ੍ਹ ’ਚ ਚੱਲਦੀ ਰੇਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਕਾਰ ’ਤੇ ਡਿੱਗਿਆ, ਇਕ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ

ਚੰਡੀਗੜ੍ਹ: ਹੱਲੋ ਮਾਜਰਾ ਚੌਕ ਨੇੜੇ ਇਕ ਵੱਡਾ ਹਾਦਸਾ ਵਾਪਰਿਆ, ਜਿੱਥੇ ਚੱਲਦੀ ਰੇਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਰੇਲਵੇ ਪੁਲ ਦੇ ਹੇਠੋਂ ਲੰਘ ਰਹੀ ਕਾਰ ’ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਇਕ ਪਰਿਵਾਰ ਦੇ ਪੰਜ ਮੈਂਬਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ, ਪਰਿਵਾਰ ਦੀ ਕਾਰ ਰੇਲਵੇ ਟਰੈਕ ਦੇ ਹੇਠਾਂ ਬਣੇ ਪੁਲ ਤੋਂ ਲੰਘ ਰਹੀ ਸੀ। ਇਸ ਦੌਰਾਨ ਟਰੈਕ ਤੋਂ ਲੰਘ ਰਹੀ ਮਾਲ ਗੱਡੀ ਦਾ ਦਰਵਾਜ਼ਾ ਅਚਾਨਕ ਟੁੱਟ ਕੇ ਕਾਰ ਦੀ ਵਿੰਡਸ਼ੀਲਡ ਨੂੰ ਤੋੜਦਾ ਹੋਇਆ ਅੰਦਰ ਜਾ ਵੜਿਆ। ਇਸ ਕਾਰਨ ਕਾਰ ਵਿੱਚ ਸਵਾਰ ਪੰਜੇ ਵਿਅਕਤੀ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਕਾਰ ਵਿੱਚ ਸਵਾਰ ਇਕ ਲੜਕੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ, ਜਿਸ ਨੂੰ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅਗਲੇ ਇਲਾਜ ਲਈ ਪੀ.ਜੀ.ਆਈ. ਰੈਫਰ ਕਰ ਦਿੱਤਾ।