ਹਾੜ੍ਹੀ ਦੀਆਂ 6 ਫ਼ਸਲਾਂ ਦੇ MSP ਵਿੱਚ ਵਾਧਾ, ਕਸੁੰਭਰੇ ਨੂੰ ਸਭ ਤੋਂ ਵੱਡਾ ਫਾਇਦਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਮਾਰਕੀਟਿੰਗ ਸੀਜ਼ਨ 2027-28 ਲਈ ਹਾੜ੍ਹੀ ਦੀਆਂ 6 ਮੁੱਖ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਬ੍ਰੀਫਿੰਗ ਦੌਰਾਨ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ।

ਸਰਕਾਰ ਮੁਤਾਬਕ MSP ਵਿੱਚ ਇਹ ਵਾਧਾ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਦਾਲਾਂ ਤੇ ਤੇਲ ਬੀਜਾਂ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਦੀ ਨੀਤੀ ਦਾ ਹਿੱਸਾ ਹੈ। ਸਰ੍ਹੋਂ, ਮਸਰ ਅਤੇ ਕਸੁੰਭਰੇ ਵਰਗੀਆਂ ਫ਼ਸਲਾਂ ਦੇ MSP ਵਿੱਚ ਤੁਲਨਾਤਮਕ ਤੌਰ ’ਤੇ ਵੱਧ ਵਾਧਾ ਕੀਤਾ ਗਿਆ ਹੈ, ਜਦਕਿ ਕਣਕ ਦੇ MSP ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਕਸੁੰਭਰੇ ਦੇ MSP ਵਿੱਚ ਸਭ ਤੋਂ ਵੱਧ ਵਾਧਾ

ਹਾੜ੍ਹੀ ਦੀਆਂ ਫ਼ਸਲਾਂ ਵਿੱਚ ਕਸੁੰਭਰੇ ਦੇ MSP ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਕਸੁੰਭਰੇ ਦਾ MSP ਵਧ ਕੇ 7,215 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

ਇਸ ਤੋਂ ਬਾਅਦ ਸਰ੍ਹੋਂ ਦੇ MSP ਵਿੱਚ 413 ਰੁਪਏ ਅਤੇ ਮਸਰ ਦੇ MSP ਵਿੱਚ 390 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਕਣਕ ਦਾ MSP 2,610 ਰੁਪਏ ਹੋਇਆ

ਕਣਕ ਦੇ MSP ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਸੀਜ਼ਨ ਦੇ 2,585 ਰੁਪਏ ਦੇ ਮੁਕਾਬਲੇ ਹੁਣ ਕਣਕ ਦਾ MSP 2,610 ਰੁਪਏ ਪ੍ਰਤੀ ਕੁਇੰਟਲ ਹੋਵੇਗਾ।

ਇਸੇ ਤਰ੍ਹਾਂ ਜੌਂ ਦੇ MSP ਵਿੱਚ 136 ਰੁਪਏ ਦਾ ਵਾਧਾ ਕਰਕੇ ਇਸ ਨੂੰ 2,286 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਛੋਲਿਆਂ ਦਾ MSP 83 ਰੁਪਏ ਵਧ ਕੇ 5,958 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

1.5 ਗੁਣਾ MSP ਦੀ ਨੀਤੀ

ਸਰਕਾਰ ਨੇ ਕਿਹਾ ਹੈ ਕਿ MSP ਵਿੱਚ ਇਹ ਵਾਧਾ 2018-19 ਦੇ ਬਜਟ ਵਿੱਚ ਐਲਾਨੀ ਉਸ ਨੀਤੀ ਦੇ ਅਨੁਸਾਰ ਹੈ, ਜਿਸ ਤਹਿਤ ਕਿਸਾਨਾਂ ਨੂੰ ਉਤਪਾਦਨ ਲਾਗਤ ਦਾ ਘੱਟੋ-ਘੱਟ 1.5 ਗੁਣਾ MSP ਦੇਣ ਦਾ ਟੀਚਾ ਰੱਖਿਆ ਗਿਆ ਸੀ।

ਸਰਕਾਰੀ ਅੰਕੜਿਆਂ ਅਨੁਸਾਰ 2027-28 ਲਈ ਉਤਪਾਦਨ ਲਾਗਤ ਦੇ ਮੁਕਾਬਲੇ ਕਣਕ ’ਤੇ 106 ਫੀਸਦੀ, ਸਰ੍ਹੋਂ ’ਤੇ 96 ਫੀਸਦੀ ਅਤੇ ਮਸਰ ’ਤੇ 92 ਫੀਸਦੀ ਦਾ ਰਿਟਰਨ ਅਨੁਮਾਨਿਤ ਹੈ।