ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਆਜ਼ਾਦੀ ਦਿਵਸ-2026 ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਗੌਰਵ ਯਾਦਵ ਵੱਲੋਂ ਲਗਾਤਾਰ ਤੀਜੇ ਦਿਨ ਵੀ ਆਪਣਾ ਦੌਰਾ ਜਾਰੀ ਰੱਖਦਿਆਂ ਫਿਰੋਜ਼ਪੁਰ ਅਤੇ ਬਠਿੰਡਾ ਰੇਂਜਾਂ ਦੀ ਕਾਨੂੰਨ-ਵਿਵਸਥਾ ਦਾ ਜਾਇਜ਼ਾ ਲਿਆ ਗਿਆ।
DGP ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਨਿਗਰਾਨੀ ਮਜ਼ਬੂਤ ਕਰਨ ਅਤੇ ਰੋਕਥਾਮ ਪੁਲਿਸਿੰਗ ’ਤੇ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੱਤੇ ਹਨ। ਸਮਾਗਮਾਂ ਦੌਰਾਨ ਭੀੜ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਕਰਨ ਅਤੇ ਕਿਸੇ ਵੀ ਉਭਰ ਰਹੀ ਚੁਣੌਤੀ ਦਾ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ। ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਅਤੇ ਹਰ ਪੱਧਰ ’ਤੇ ਪੂਰੀ ਚੌਕਸੀ ਰੱਖਣ ਲਈ ਕਿਹਾ ਗਿਆ ਹੈ।
DGP ਵੱਲੋਂ ਫਿਰੋਜ਼ਪੁਰ ਵਿਖੇ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਤਿਆਰੀ ਦਾ ਜਾਇਜ਼ਾ ਲਿਆ ਗਿਆ। ਇਸ ਸਮੀਖਿਆ ਵਿੱਚ ਫਿਰੋਜ਼ਪੁਰ, ਤਰਨ ਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੀ ਸੁਰੱਖਿਆ ਸਥਿਤੀ ਦਾ ਮੁਲਾਂਕਣ ਕੀਤਾ ਗਿਆ। ਜ਼ਮੀਨੀ ਪੱਧਰ ’ਤੇ ਜਾਂਚ ਕਰਦਿਆਂ DGP ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਹਾਈ-ਟੈਕ ਨਾਕੇ ਦਾ ਖੁਦ ਨਿਰੀਖਣ ਕੀਤਾ। ਫਿਰੋਜ਼ਪੁਰ ਅਤੇ ਫਰੀਦਕੋਟ ਤੋਂ ਬਾਅਦ DGP ਗੌਰਵ ਯਾਦਵ ਨੇ ਬਠਿੰਡਾ ਵਿਖੇ ਉੱਚ ਅਧਿਕਾਰੀਆਂ ਨਾਲ ਇੱਕ ਵਿਆਪਕ ਸੁਰੱਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
