ਚੇਨਈ: ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ 2026 ਦੇ ਸੁਪਰ 8 ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾ ਦਿੱਤਾ ਹੈ। ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਅਹਿਮ ਮੈਚ ਵਿੱਚ ਜਿੱਤ ਦਰਜ ਕਰਕੇ ਭਾਰਤ ਨੇ ਸੈਮੀਫਾਈਨਲ ਦੀ ਦੌੜ ਵਿੱਚ ਆਪਣੇ ਆਪ ਨੂੰ ਕਾਇਮ ਰੱਖਿਆ ਹੈ।
ਭਾਰਤ ਦਾ ਵਿਸ਼ਾਲ ਸਕੋਰ: ਵਰਲਡ ਕੱਪ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਟੋਟਲ
ਦੱਖਣੀ ਅਫਰੀਕਾ ਹੱਥੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤ ਲਈ ਇਹ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 256/4 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ
ਅਭਿਸ਼ੇਕ ਸ਼ਰਮਾ (55) ਅਤੇ ਹਾਰਦਿਕ ਪੰਡਿਆ (ਨਾਬਾਦ 50) ਨੇ ਅਰਧ ਸੈਂਕੜੇ ਜੜੇ
ਤਿਲਕ ਵਰਮਾ ਨੇ ਅੰਤਿਮ ਓਵਰਾਂ ਵਿੱਚ ਮਹਿਜ਼ 16 ਗੇਂਦਾਂ ਵਿੱਚ ਧਮਾਕੇਦਾਰ 44 ਦੌੜਾਂ ਬਣਾਈਆਂ
ਸੂਰਿਆਕੁਮਾਰ ਯਾਦਵ ਨੇ ਵੀ 13 ਗੇਂਦਾਂ ਵਿੱਚ ਤੇਜ਼-ਤਰਾਰ 33 ਦੌੜਾਂ ਦਾ ਯੋਗਦਾਨ ਪਾਇਆ
ਇਹ ਭਾਰਤ ਦਾ T20 ਵਿਸ਼ਵ ਕੱਪ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਵਿਸ਼ਵ ਪੱਧਰ ‘ਤੇ ਇਹ ਸ਼੍ਰੀਲੰਕਾ (260/6 ਬਨਾਮ ਕੀਨੀਆ, 2007) ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਬਣ ਗਿਆ ਹੈ
ਜ਼ਿੰਬਾਬਵੇ ਦੀ ਪਾਰੀ: ਬ੍ਰਾਇਨ ਬੈਨੇਟ ਦੀ ਇਕੱਲੀ ਜੰਗ
257 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਕਦੇ ਵੀ ਮੈਚ ਵਿੱਚ ਭਾਰਤ ਨੂੰ ਚੁਣੌਤੀ ਦਿੰਦੀ ਨਜ਼ਰ ਨਹੀਂ ਆਈ। ਹਾਲਾਂਕਿ, ਸਲਾਮੀ ਬੱਲੇਬਾਜ਼ ਬ੍ਰਾਇਨ ਬੈਨੇਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 97 ਦੌੜਾਂ ਬਣਾਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਦੇ ਨੇੜੇ ਨਹੀਂ ਲੈ ਜਾ ਸਕੇ। ਜ਼ਿੰਬਾਬਵੇ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਹੀ ਬਣਾ ਸਕੀ
ਭਾਰਤੀ ਗੇਂਦਬਾਜ਼ੀ: ਅਰਸ਼ਦੀਪ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਵੀ 1-1 ਵਿਕਟਾਂ ਝਟਕਾਈਆਂ
ਹੁਣ ਵੈਸਟਇੰਡੀਜ਼ ਨਾਲ ਹੋਵੇਗਾ ‘ਕੁਆਰਟਰ ਫਾਈਨਲ’
ਇਸ ਜਿੱਤ ਨਾਲ ਭਾਰਤ ਦੇ ਸੁਪਰ 8 ਗਰੁੱਪ 1 ਵਿੱਚ ਦੋ ਅੰਕ ਹੋ ਗਏ ਹਨ। ਵੈਸਟਇੰਡੀਜ਼ ਦੀ ਟੀਮ ਵੀ ਦੋ ਅੰਕਾਂ ਨਾਲ ਬਰਾਬਰੀ ‘ਤੇ ਹੈ ਤੇ SA ਸੇਮੀ ਫਾਈਨਲ ਚ’ ਪਹੁੰਚ ਗਈ ਹੈ
ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਭਾਰਤ ਦਾ ਸਾਹਮਣਾ ਵੈਸਟਇੰਡੀਜ਼ ਨਾਲ ਹੋਵੇਗਾ। ਇਹ ਮੈਚ ਇੱਕ ਤਰ੍ਹਾਂ ਨਾਲ ‘ਵਰਚੁਅਲ ਪਲੇਆਫ’ ਹੋਵੇਗਾ, ਜਿਸ ਨੂੰ ਜਿੱਤਣ ਵਾਲੀ ਟੀਮ ਸਿੱਧਾ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰੇਗੀ।