ਇਰਾਨ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਫੈਕਟਰੀ ਤੇ’ ਡਰੋਨ ਅਟੈਕ

ਰਿਆਦ : ਮਿਡਲ ਈਸਟ ਵਿੱਚ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਇਰਾਨੀ ਡਰੋਨਾਂ ਵੱਲੋਂ ਸਾਊਦੀ ਅਰਬ ਦੀ ਮਹੱਤਵਪੂਰਨ ਰਾਸ ਤਨੂਰਾ (Ras Tanura) ਤੇਲ ਰਿਫਾਇਨਰੀ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਸਾਊਦੀ ਅਰਬ ਨੇ ਇੱਥੇ ਆਪਣਾ ਕੰਮਕਾਜ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਘਟਨਾ ਨੇ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਨਵਾਂ ਡਰ ਪੈਦਾ ਕਰ ਦਿੱਤਾ ਹੈ

ਦੁਨੀਆ ਦਾ ਸਭ ਤੋਂ ਵੱਡਾ ਤੇਲ ਹੱਬ ਨਿਸ਼ਾਨੇ ‘ਤੇ
ਰਾਸ ਤਨੂਰਾ ਰਿਫਾਇਨਰੀ ਸਾਊਦੀ ਅਰਬ ਦੇ ਤੇਲ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਤੇਲ ਸੋਧਣ ਅਤੇ ਨਿਰਯਾਤ ਕੇਂਦਰਾਂ ਵਿੱਚੋਂ ਇੱਕ ਹੈ। ਸਾਊਦੀ ਅਰਾਮਕੋ ਨੇ ਸੁਰੱਖਿਆ ਕਾਰਨਾਂ ਕਰਕੇ ਆਪਰੇਸ਼ਨ ਰੋਕ ਦਿੱਤੇ ਹਨ ਤਾਂ ਜੋ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ। ਮਾਹਰਾਂ ਮੁਤਾਬਕ ਜੇਕਰ ਇਹ ਰਿਫਾਇਨਰੀ ਲੰਬੇ ਸਮੇਂ ਤੱਕ ਬੰਦ ਰਹਿੰਦੀ ਹੈ, ਤਾਂ ਵਿਸ਼ਵ ਬਾਜ਼ਾਰ ਵਿੱਚ ਤੇਲ ਦੀ ਭਾਰੀ ਕਿੱਲਤ ਹੋ ਸਕਦੀ ਹੈ।

ਤੇਲ ਦੀਆਂ ਕੀਮਤਾਂ $80 ਦੇ ਪਾਰ
ਇਸ ਹਮਲੇ ਦਾ ਅਸਰ ਤੁਰੰਤ ਬਾਜ਼ਾਰ ‘ਤੇ ਦੇਖਣ ਨੂੰ ਮਿਲਿਆ ਹੈ। ਬ੍ਰੈਂਟ ਕਰੂਡ (Brent Crude) ਦੀ ਕੀਮਤ ਵਧ ਕੇ 80 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਜੇਕਰ ਤਣਾਅ ਹੋਰ ਵਧਦਾ ਹੈ, ਤਾਂ ਤੇਲ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਸਕਦੀਆਂ ਹਨ

ਹੋਰਮੁਜ਼ ਜਲਡਮਰੂ (Strait of Hormuz) ‘ਚ ਹੜਕੰਪ
ਦੁਨੀਆ ਦੇ 20% ਤੇਲ ਦੀ ਸਪਲਾਈ ਵਾਲਾ ਮੁੱਖ ਸਮੁੰਦਰੀ ਰਸਤਾ ‘ਸਟਰੇਟ ਆਫ ਹੋਰਮੁਜ਼’ ਲਗਭਗ ਠੱਪ ਹੋਣ ਦੀ ਕਗਾਰ ‘ਤੇ ਹੈ। ਭਾਵੇਂ ਇਰਾਨ ਨੇ ਰਸਮੀ ਤੌਰ ‘ਤੇ ਇਸ ਨੂੰ ਬੰਦ ਨਹੀਂ ਕੀਤਾ, ਪਰ ਕਈ ਵੱਡੀਆਂ ਸ਼ਿਪਿੰਗ ਕੰਪਨੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਹੈ।

ਸਾਊਦੀ ਅਰਬ ਨੇ ਕੀਤੀ ਸਖ਼ਤ ਨਿੰਦਾ
ਸਾਊਦੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਹਮਲਿਆਂ ਨੂੰ “ਬੁਜ਼ਦਿਲਾਨਾ” ਦੱਸਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸਾਊਦੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ:

ਸਾਊਦੀ ਨੇ ਆਪਣੀ ਧਰਤੀ ਜਾਂ ਹਵਾਈ ਖੇਤਰ ਦੀ ਵਰਤੋਂ ਇਰਾਨ ਵਿਰੁੱਧ ਹਮਲਿਆਂ ਲਈ ਨਹੀਂ ਕਰਨ ਦਿੱਤੀ। ਰਿਆਦ ਨੇ ਇਰਾਨੀ ਰਾਜਦੂਤ ਅਲੀਰੇਜ਼ਾ ਇਨਾਇਤੀ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ।

ਇਹ ਹਮਲਾ ਉਦੋਂ ਹੋਇਆ ਹੈ ਜਦੋਂ ਪਿਛਲੇ ਹਫ਼ਤੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਕਈ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਸਨ। ਜਵਾਬ ਵਿੱਚ ਤੇਹਰਾਨ ਨੇ ਇਜ਼ਰਾਈਲ ਅਤੇ ਅਮਰੀਕੀ ਫੌਜੀ ਅੱਡਿਆਂ ਦੇ ਨਾਲ-ਨਾਲ ਸਾਊਦੀ ਅਰਬ, ਕਤਰ, ਯੂਏਈ ਅਤੇ ਕੁਵੈਤ ਵਰਗੇ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ