ਦਰਦਨਾਕ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ, ਮਾਂ ਨੇ ਨੂੰਹ ਤੇ ਲਾਏ ਇਲਜ਼ਾਮ

ਜਲਾਲਾਬਾਦ/ਫਾਜ਼ਿਲਕਾ: ਫਿਰੋਜ਼ਪੁਰ–ਫਾਜ਼ਿਲਕਾ ਹਾਈਵੇ ‘ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਦੇਰ ਸ਼ਾਮ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਟਿਵਾਣਾ ਦੇ ਰਹਿਣ ਵਾਲੇ ਵਜੋਂ ਹੋਈ ਹੈ।

ਪ੍ਰਾਰੰਭਿਕ ਜਾਣਕਾਰੀ ਮੁਤਾਬਕ ਟੱਕਰ ਕਾਫ਼ੀ ਜ਼ਬਰਦਸਤ ਸੀ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਘਟਨਾ ਦੀ ਖਬਰ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਮ੍ਰਿਤਕ ਦੀ ਮਾਤਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਧਾਰਣ ਹਾਦਸਾ ਨਹੀਂ, ਸਗੋਂ ਉਸਦੇ ਪੁੱਤਰ ਦੀ ਮੌਤ ਇੱਕ ਸਾਜ਼ਿਸ਼ ਤਹਿਤ ਕਰਵਾਈ ਗਈ ਹੈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਨੇ ਕੈਮਰੇ ਸਾਹਮਣੇ ਆ ਕੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਦੇ ਬਿਆਨ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।