ਬੈਂਕ ਤੋਂ ਪੈਸੇ ਕਢਵਾ ਕੇ ਆ ਰਹੇ ਜੋੜੇ ਤੋਂ ਦੋ ਨਕਾਬਪੋਸ਼ ਬਾਈਕ ਸਵਾਰਾ ਨੇ ਲੁੱਟੇ 19 ਲੱਖ ਰੁਪਏ
ਜਲੰਧਰ ਦੇ ਅਰਬਨ ਅਸਟੇਟ ਫੇਜ਼–2 ਇਲਾਕੇ ਵਿੱਚ ਦਿਨ-ਦਿਹਾੜੇ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਬੈਂਕ ਤੋਂ ਨਕਦੀ ਕਢਵਾ ਕੇ ਨਿਕਲੇ ਇੱਕ ਜੋੜੇ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੀੜਤਾਂ ਦੀ ਪਛਾਣ ਪ੍ਰਿਆ ਵਰਮਾ ਅਤੇ ਉਸਦੇ ਪਤੀ ਰਮਨ ਵਰਮਾ ਵਜੋਂ ਹੋਈ ਹੈ। ਪ੍ਰਿਆ ਵਰਮਾ ਮੁਤਾਬਕ, ਉਨ੍ਹਾਂ ਨੇ ਬੈਂਕ ਵਿੱਚੋਂ ਕਰੀਬ ₹17.10 ਲੱਖ ਰਕਮ ਕਢਵਾਈ ਸੀ, ਜਦਕਿ ਘਰੋਂ ਲਗਭਗ ₹2 ਲੱਖ ਪਹਿਲਾਂ ਹੀ ਨਾਲ ਲਿਆਂਦੇ ਹੋਏ ਸਨ। ਕੁੱਲ ਰਕਮ ਇੱਕ ਬੈਗ ਵਿੱਚ ਰੱਖੀ ਹੋਈ ਸੀ।
ਜਾਣਕਾਰੀ ਅਨੁਸਾਰ, ਬੈਂਕ ਤੋਂ ਨਿਕਲਣ ਤੋਂ ਬਾਅਦ ਜੋੜਾ ਅਰਬਨ ਅਸਟੇਟ ਇਲਾਕੇ ਵਿੱਚ ਕਿਸੇ ਨੂੰ ਮਿਲਣ ਲਈ ਪਹੁੰਚਿਆ। ਜਿਵੇਂ ਹੀ ਉਹ ਕਾਰ ਤੋਂ ਬਾਹਰ ਉਤਰੇ, ਪਿੱਛੇ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਉਤਰਿਆ, ਬੈਗ ਖੋਹਿਆ ਅਤੇ ਸਾਥੀ ਸਮੇਤ ਤੇਜ਼ੀ ਨਾਲ ਫਰਾਰ ਹੋ ਗਿਆ।
ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਪੀੜਤਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ। ਜੋੜੇ ਨੇ ਆਪਣੀ ਕਾਰ ਰਾਹੀਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਰਹੇ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਪਛਾਣ ਕਰਕੇ ਜਲਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਦਿਨ-ਦਿਹਾੜੇ ਹੋਈ ਇਸ ਲੁੱਟ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।
