27ਵੇ ਕਾਰਗਿਲ ਵਿਜੈ ਦਿਵਸ ਮੌਕੇ ਅੱਜ CM ਭਗਵੰਤ ਮਾਨ ਨੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ ਹੁੰਦੇ, ਸਗੋਂ ਪੂਰੇ ਦੇਸ਼ ਦੀ ਸ਼ਾਨ ਹੁੰਦੇ ਹਨ। CM ਮਾਨ ਨੇ ਕਾਰਗਿਲ ਜੰਗ ਦੀ ਜਿੱਤ ਨੂੰ ਦੇਸ਼ ਦੀ ਇੱਕ ਬਹੁਤ ਵੱਡੀ ਜਿੱਤ ਦੱਸਿਆ ਅਤੇ ਸ਼ਹੀਦ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ
CM ਮਾਨ ਨੇ ਲਿਖਿਆਂ ਕੇ ਅੱਜ ਦੇਸ਼ ਭਰ ਵਿੱਚ 27ਵਾਂ ਕਾਰਗਿਲ ਵਿਜੈ ਦਿਵਸ ਬੜੇ ਹੀ ਮਾਣ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ‘ਤੇ ਦੇਸ਼ ਦੀ ਅਖੰਡਤਾ ਅਤੇ ਸਨਮਾਨ ਦੀ ਰਾਖੀ ਕਰਦਿਆਂ ਆਪਣਾ ਸਰਵੋੱਚ ਬਲਿਦਾਨ ਦੇਣ ਵਾਲੇ 527 ਸ਼ਹੀਦ ਜਵਾਨਾਂ ਨੂੰ ਕੋਟਿ-ਕੋਟਿ ਨਮਨ ਕੀਤਾ ਗਿਆ।
ਕਾਰਗਿਲ ਦੀਆਂ ਦੁਰਗਮ ਪਹਾੜੀਆਂ ‘ਤੇ ਆਪਣੇ ਅਦੁੱਤੀ ਸਾਹਸ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਇਨ੍ਹਾਂ ਸੂਰਬੀਰਾਂ ਨੂੰ ਅੱਜ ਪੂਰਾ ਦੇਸ਼ ਸੇਜਲ ਅੱਖਾਂ ਨਾਲ ਯਾਦ ਕਰ ਰਿਹਾ ਹੈ।
ਪੰਜਾਬ ਦੇ 65 ਬਹਾਦਰ ਸਪੂਤਾਂ ਦੀ ਸ਼ਹਾਦਤ ‘ਤੇ ਮਾਣ
ਦੇਸ਼ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ। ਕਾਰਗਿਲ ਜੰਗ ਦੇ ਇਸ ਗੌਰਵਮਈ ਇਤਿਹਾਸ ਵਿੱਚ ਵੀ ਪੰਜਾਬ ਦਾ ਯੋਗਦਾਨ ਬਹੁਤ ਅਹਿਮ ਰਿਹਾ। ਇਨ੍ਹਾਂ 527 ਮਹਾਨ ਸ਼ਹੀਦਾਂ ਵਿੱਚ ਪੰਜਾਬ ਦੇ 65 ਬਹਾਦਰ ਸਪੂਤ ਵੀ ਸ਼ਾਮਲ ਸਨ। ਦੇਸ਼ ਖਾਤਰ ਜਾਨ ਵਾਰਨ ਵਾਲੇ ਇਨ੍ਹਾਂ ਪੰਜਾਬੀ ਸੂਰਬੀਰਾਂ ਦੀ ਸ਼ਹਾਦਤ ’ਤੇ ਅੱਜ ਪੂਰੇ ਪੰਜਾਬ ਨੂੰ ਮਾਣ ਹੈ।
“ਸ਼ਹੀਦ ਪੂਰੇ ਦੇਸ਼ ਦੀ ਅਮਾਨਤ ਹੁੰਦੇ ਹਨ”
ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਅਤੇ ਸਤਿਕਾਰ ਪ੍ਰਗਟ ਕਰਦਿਆਂ ਬਹੁਤ ਹੀ ਭਾਵੁਕ ਸੰਦੇਸ਼ ਦਿੱਤਾ ਗਿਆ।
“ਸ਼ਹੀਦ ਕਦੇ ਵੀ ਕਿਸੇ ਇੱਕ ਪਰਿਵਾਰ ਦੇ ਨਹੀਂ ਹੁੰਦੇ, ਸਗੋਂ ਉਹ ਪੂਰੇ ਦੇਸ਼ ਦੀ ਅਮਾਨਤ ਹੁੰਦੇ ਨੇ। ਅਸੀਂ ਅੱਜ ਜੋ ਆਜ਼ਾਦੀ ਨਾਲ ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਾਂ, ਉਹ ਸਾਡੇ ਵੀਰ ਜਵਾਨਾਂ ਦੀ ਕੁਰਬਾਨੀ ਦਾ ਹੀ ਨਤੀਜਾ ਹੈ।”
ਆਪਣੇ ਸੰਦੇਸ਼ ਦੇ ਅਖੀਰ ਵਿੱਚ ਇਹ ਗੱਲ ਜ਼ੋਰ ਦੇ ਕੇ ਕਹੀ ਗਈ ਕਿ ਉਨ੍ਹਾਂ ਮਹਾਨ ਸੂਰਬੀਰਾਂ ਦੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖਣਾ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ। ਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਵੀਰ ਜਵਾਨਾਂ ਦਾ ਰਿਣੀ ਰਹੇਗਾ।