‘ਚੀਨ ਦਾ ਮੁਕਾਬਲਾ ਕਰਨ ਲਈ ਇੰਡਸਟਰੀ ਨੂੰ ਦੇਵਾਂਗੇ ਹਰ ਸਹੂਲਤ’ ,ਬੋਲੇ ਕੇਜਰੀਵਾਲ

ਮੋਹਾਲੀ : ਮੋਹਾਲੀ ਵਿਖੇ ਸ਼ੁੱਕਰਵਾਰ ਨੂੰ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ 2026’ ਦਾ ਸ਼ਾਨਦਾਰ ਆਗਾਜ਼ ਹੋਇਆ। ਸੰਮੇਲਨ ਦੇ ਪਹਿਲੇ ਹੀ ਦਿਨ ਪੰਜਾਬ ਨੇ 10,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਸਮਝੌਤਿਆਂ ‘ਤੇ ਦਸਤਖਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਭਰ ਦੇ ਦਿੱਗਜ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ

ਚੀਨ ਨਾਲ ਮੁਕਾਬਲੇ ਲਈ ਤਿਆਰ ਹੋਵੇਗੀ ਪੰਜਾਬ ਦੀ ਇੰਡਸਟਰੀ: ਕੇਜਰੀਵਾਲ

ਸੰਮੇਲਨ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਉਹ ਹਰ ਸਹੂਲਤ ਮੁਹੱਈਆ ਕਰਵਾਏਗੀ ਜਿਸ ਨਾਲ ਉਹ ਚੀਨ ਵਰਗੇ ਦੇਸ਼ਾਂ ਦਾ ਮੁਕਾਬਲਾ ਕਰ ਸਕਣ। ਉਨ੍ਹਾਂ ਕਿਹਾ:

“ਪੰਜਾਬ ਮਿਹਨਤੀ ਲੋਕਾਂ ਦੀ ਧਰਤੀ ਹੈ। ਜਦੋਂ ਅਸੀਂ 2022 ਵਿੱਚ ਸੱਤਾ ਸੰਭਾਲੀ ਸੀ, ਤਾਂ ਇੰਡਸਟਰੀ ਪੰਜਾਬ ਛੱਡ ਕੇ ਜਾ ਰਹੀ ਸੀ, ਪਰ ਅੱਜ ਚਾਰ ਸਾਲਾਂ ਵਿੱਚ ਅਸੀਂ 1.50 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਵਿੱਚ ਸਫਲ ਹੋਏ ਹਾਂ।”

ਉਨ੍ਹਾਂ ਦੱਖਣੀ ਕੋਰੀਆ, ਸਿੰਗਾਪੁਰ ਅਤੇ ਜਰਮਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਵੇਂ ਇਨ੍ਹਾਂ ਦੇਸ਼ਾਂ ਨੇ ਸਿੱਖਿਆ ਅਤੇ ਸਿਹਤ (ਮਨੁੱਖੀ ਪੂੰਜੀ) ਵਿੱਚ ਨਿਵੇਸ਼ ਕਰਕੇ ਤਰੱਕੀ ਕੀਤੀ, ਪੰਜਾਬ ਵੀ ਉਸੇ ਰਾਹ ‘ਤੇ ਚੱਲ ਕੇ ਦੇਸ਼ ਦਾ ਨੰਬਰ 1 ਸੂਬਾ ਬਣੇਗਾ

ਪੰਜਾਬ ਦੀ ਉਪਜਾਊ ਧਰਤੀ ‘ਤੇ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ: CM ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਵੇਸ਼ਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਖੂਨ ਵਿੱਚ ਉੱਦਮ (Entrepreneurship) ਹੈ। ਉਨ੍ਹਾਂ ਕਿਹਾ ਕਿ ਪੰਜਾਬੀ 20-20 ਘੰਟੇ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ।

  • ਵੱਡੇ ਨਿਵੇਸ਼ਕ: ਪਹਿਲੇ ਦਿਨ HMEL, Tata Steel, JSW, Trident Group, ਅਤੇ Hero Industries ਵਰਗੇ ਦਿੱਗਜਾਂ ਨੇ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ।
  • ਸਿੰਗਲ ਵਿੰਡੋ ਸਿਸਟਮ: ਉਦਯੋਗਾਂ ਨੂੰ ਮਨਜ਼ੂਰੀ ਦੇਣ ਲਈ 45 ਦਿਨਾਂ ਦਾ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ।
  • ਸਿੱਖਿਆ ‘ਚ ਸੁਧਾਰ: CM ਮਾਨ ਨੇ ਦੱਸਿਆ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ‘ਤੇ ਆ ਗਿਆ ਹੈ ਅਤੇ ਅਧਿਆਪਕਾਂ ਨੂੰ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ।

ਪੰਜਾਬੀ ਉੱਦਮੀਆਂ ਦੀਆਂ ਮਿਸਾਲਾਂ
ਮੁੱਖ ਮੰਤਰੀ ਨੇ ਸੋਨਾਲੀਕਾ, ਪ੍ਰੀਤ ਟ੍ਰੈਕਟਰਜ਼, ਡਿਊਕ ਅਤੇ ਮੋਂਟੇ ਕਾਰਲੋ ਵਰਗੇ ਸਥਾਨਕ ਬ੍ਰਾਂਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ‘ਰੈੱਡ ਕਾਰਪੇਟ’ ਵਿਛਾ ਕੇ ਨਿਵੇਸ਼ਕਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਸਭ ਕੁਝ ਉੱਗ ਸਕਦਾ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ