5 ਸਤੰਬਰ ਤੋਂ ‘ਖ਼ੇਡਾਂ ਵਤਨ ਪੰਜਾਬ ਦੀਆਂ’ ਹੋਣਗੀਆਂ ਸ਼ੁਰੂ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 5 ਸਤੰਬਰ ਤੋਂ ‘ਖ਼ੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਹੋਵੇਗਾ, ਜਿਸ ਦਾ ਉਦਘਾਟਨੀ ਸਮਾਗਮ ਬਠਿੰਡਾ ਵਿਖੇ ਹੋਵੇਗਾ। ਇਸ ਵਾਰ ਰਿਕਾਰਡ 10 ਲੱਖ ਖਿਡਾਰੀਆਂ ਦੀ ਭਾਗੀਦਾਰੀ ਦਾ ਟੀਚਾ ਮਿੱਥਿਆ ਗਿਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ 12 ਅਗਸਤ ਤੋਂ 5 ਸਤੰਬਰ ਤੱਕ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਮਸ਼ਾਲ ਮਾਰਚ ਕੱਢਿਆ ਜਾਵੇਗਾ ਅਤੇ ਇਹ ਟੂਰਨਾਮੈਂਟ 29 ਨਵੰਬਰ ਤੱਕ ਜਾਰੀ ਰਹਿਣਗੇ। ਸਾਲ 2026 ਦੇ ਇਸ ਮੈਗਾ ਈਵੈਂਟ ਵਿੱਚ ਅੰਡਰ-14 ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਵਰਗ ਤੱਕ ਦੇ ਖਿਡਾਰੀ ਕੁੱਲ 38 ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡ ਮੇਲੇ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਛਿੜੀ ਜੰਗ ਵਿੱਚ ਨੌਜਵਾਨਾਂ ਲਈ ਵੱਡੀ ਤਾਕਤ ਸਾਬਤ ਹੋਣਗੇ।