ਚੰਡੀਗੜ੍ਹ ਦੇ ਸੈਕਟਰ-10 ਵਿੱਚ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜਾ ਨਾਮਕ ਵਿਅਕਤੀ ਵੱਲੋਂ ਮੁਫ਼ਤ ਪੈਟਰੋਲ ਦੇਣ ਦੇ ਐਲਾਨ ਕਾਰਣ ਹਜ਼ਾਰਾਂ ਲੋਕ ਭਾਰੀ ਮੀਂਹ ਵਿੱਚ ਵੀ ਕਤਾਰਾਂ ਵਿੱਚ ਲੱਗ ਗਏ। ਇਸ ਯੋਜਨਾ ਤਹਿਤ ਦੋ-ਪਹੀਆ ਵਾਹਨਾਂ ਲਈ 300 ਅਤੇ ਚਾਰ-ਪਹੀਆ ਵਾਹਨਾਂ ਲਈ 1,000 ਰੁਪਏ ਦਾ ਮੁਫ਼ਤ ਪੈਟਰੋਲ ਦੇਣ ਦਾ ਦਾਅਵਾ ਕੀਤਾ ਗਿਆ ਸੀ।
ਮੀਂਹ ਦੇ ਬਾਵਜੂਦ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ। ਜਦੋਂ ਹਾਲਤ ਬੇਕਾਬੂ ਹੋਣ ਲੱਗੀ, ਤਾਂ ਆਯੋਜਕਾਂ ਨੇ ਖ਼ਰਾਬ ਮੌਸਮ ਦਾ ਹਵਾਲਾ ਦਿੰਦਿਆਂ ਪ੍ਰੋਗਰਾਮ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ, ਜਿਸ ਕਾਰਨ ਘੰਟਿਆਂਬੱਧੀ ਉਡੀਕ ਕਰ ਰਹੇ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ।
ਭਾਰੀ ਭੀੜ ਕਾਰਨ ਲੱਗੇ ਲੰਬੇ ਟ੍ਰੈਫਿਕ ਜਾਮ ਅਤੇ ਬਿਨਾਂ ਪੂਰਵ ਇਜਾਜ਼ਤ ਦੇ ਇਕੱਠ ਕਰਨ ਦੇ ਦੋਸ਼ ਵਿੱਚ ਚੰਡੀਗੜ੍ਹ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਪੁਲਸ ਨੇ ਮੁੱਖ ਆਯੋਜਕ ਰਾਜਾ ਅਤੇ ਉਸਦੇ ਕੁਝ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-3 ਥਾਣੇ ਭੇਜ ਦਿੱਤਾ, ਅਤੇ ਸੜਕਾਂ ‘ਤੇ ਅਵਿਵਸਥਾ ਫੈਲਾਉਣ ਵਾਲੇ ਕੁਝ ਵਾਹਨ ਚਾਲਕਾਂ ਨੂੰ ਵੀ ਹਿਰਾਸਤ ਵਿੱਚ ਲਿਆ।
ਦੱਸਿਆ ਜਾ ਰਿਹਾ ਹੈ ਕਿ ਰਾਜਾ ਇਸ ਤੋਂ ਪਹਿਲਾਂ 500-500 ਰੁਪਏ ਦੇ ਨੋਟਾਂ ਦਾ ਲੰਗਰ ਲਗਾ ਕੇ ਵੀ ਸੁਰਖੀਆਂ ਵਿੱਚ ਆ ਚੁੱਕਾ ਹੈ।
