ਕਲਾਸ ‘ਚ ਕੁੜੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਪ੍ਰਿੰਸ ਦੀ ਵੀ ਹੋਈ ਮੌਤ

ਤਰਨਤਾਰਨ (ਪੰਜਾਬ): ਪੰਜਾਬ ਦੇ ਤਰਨਤਾਰਨ ਸਥਿਤ ਇੱਕ ਲਾਅ ਕਾਲਜ ਵਿੱਚ ਵਾਪਰੀ ਦਿੱਲ ਦਹਿਲਾ ਦੇਣ ਵਾਲੀ ਘਟਨਾ ਨੇ ਸਾਰੇ ਇਲਾਕੇ ਨੂੰ ਸਹਿਮਾ ਦਿੱਤਾ ਸੀ । ਇੱਕ ਵਿਦਿਆਰਥੀ ਵੱਲੋਂ ਕਲਾਸਰੂਮ ਵਿੱਚ ਦਾਖਲ ਹੋ ਕੇ ਇਕ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਘਟਨਾ ਨਾਲ ਕਾਲਜ ਕੈਂਪਸ ਵਿੱਚ ਅਫ਼ਰਾਤਫ਼ਰੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਤਾਜ਼ਾ ਅਪਡੇਟ ਅਨੁਸਾਰ, ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਪ੍ਰਿੰਸ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਪ੍ਰਿੰਸ ਦੇ ਸਿਰ ਵਿੱਚ ਗੋਲੀ ਆਰ-ਪਾਰ ਹੋ ਗਈ ਸੀ, ਜਿਸ ਕਾਰਨ ਉਸ ਦੀ ਹਾਲਤ ਸ਼ੁਰੂ ਤੋਂ ਹੀ ਨਾਜ਼ੁਕ ਸੀ।

ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖ ਕੇ ਆਈ.ਸੀ.ਯੂ. ਵਿੱਚ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਇਲਾਜ ਕੀਤਾ ਗਿਆ। ਬੀਤੀ ਸ਼ਾਮ ਤੋਂ ਉਸ ਦਾ ਬਲੱਡ ਪ੍ਰੈਸ਼ਰ ਲਗਾਤਾਰ ਘਟਦਾ ਜਾ ਰਿਹਾ ਸੀ ਅਤੇ ਸਾਹ ਲੈਣ ਵਿੱਚ ਵੀ ਭਾਰੀ ਦਿੱਕਤ ਆ ਰਹੀ ਸੀ। ਬਾਵਜੂਦ ਇਸ ਦੇ ਕਿ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ, ਉਸ ਦੀ ਜਾਨ ਨਾ ਬਚ ਸਕੀ।