
ਮਹਿਰੌਲੀ: ਦਿੱਲੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਮਹਿਰੌਲੀ ਇਲਾਕੇ ‘ਚ ਰਹਿੰਦੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਸੂਤਰਾਂ ਦੇ ਮੁਤਾਬਿਕ, ਇਕ ਮਾਮਲੇ ‘ਚ ਪੁਲਿਸ ਨੇ ਆਫਤਾਬ ਅਮੀਨ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ, ਇਹ ਮਾਮਲਾ 6 ਮਹੀਨੇ ਪਹਿਲਾ ਦਾ ਹੈ। ਆਫਤਾਬ ਅਤੇ ਸ਼ਰਧਾ ਨਾਂ ਦੀ ਲੜਕੀ ਮੁੰਬਈ ਸ਼ਹਿਰ ਦੇ ਇਕ ਕਾਲ ਸੈਂਟਰ ‘ਚ ਕੰਮ ਕਰਦੇ ਸਨ। ਓਹਨਾ ਦੀ ਆਫ਼ਿਸ ਵਿਚ ਮੁਲਾਕਾਤ ਹੋਈ ਅਤੇ ਦੋਵੇ ਇਕ ਦੂਜੇ ਨੂੰ ਦਿਲ ਦੇ ਬੈਠੇ। ਜਿਸ ਤੋਂ ਬਾਅਦ ਦੋਵੇਂ ‘ਲਿਵ ਇਨ ਰਿਲੇਸ਼ਨ’ ਵਿੱਚ ਰਹਿ ਰਹੇ ਸਨ। ਪਰਿਵਾਰ ਨੇ ਜਦੋ ਇਸ ਗੱਲ ਦਾ ਵਿਰੋਧ ਕੀਤਾ ਤਾ ਉਹ ਦੋਵੇਂ ਦਿੱਲੀ ਰਹਿਣ ਲਗ ਪਏ।
ਦੱਸ ਦਇਏ ਕਿ ਕੁੜੀ ਦੇ ਪਰਿਵਾਰ ਵਾਲੇ ਸੋਸ਼ਲ ਮੀਡੀਆ ਰਾਹੀਂ ਉਸ ਦੀ ਜਾਣਕਾਰੀ ਲੈਂਦੇ ਸਨ। ਪਰ ਜਦੋਂ ਸੋਸ਼ਲ ਮੀਡੀਆ ‘ਤੇ ਅਪਡੇਟ ਆਉਣਾ ਬੰਦ ਹੋ ਗਿਆ ਤਾਂ ਲੜਕੀ ਦੇ ਪਿਤਾ ਉਸਦੀ ਭਾਲ ਕਰਨ ਦਿੱਲੀ ਪਹੁੰਚ ਗਏ। ਕੁੜੀ ਬਾਰੇ ਕੋਈ ਜਾਣਕਾਰੀ ਨਾ ਮਿਲਣ ਤੇ ਉਸਦੇ ਪਿਤਾ ਨੇ ਪ੍ਰੇਮੀ ਆਫਤਾਬ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਆਫਤਾਬ ਦੀ ਭਾਲ ਸ਼ੁਰੂ ਕਰ ਦਿੱਤੀ। ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਆਫਤਾਬ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੁਆਰਾ ਪੁੱਛਗਿੱਛ ‘ਚ ਆਰੋਪੀ ਨੇ ਦੱਸਿਆ ਕਿ ਸ਼ਰਧਾ ਉਸ ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਨ੍ਹਾਂ ‘ਚ ਅਕਸਰ ਝਗੜੇ ਹੋਣ ਲੱਗੇ। ਉਸ ਨੇ ਮਈ ਵਿਚ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦੇ ਟੁਕੜੇ ਕਰ ਦਿੱਤੇ। ਪੁਲਸ ਦੇ ਮੁਤਾਬਕ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ 35 ਟੁਕੜਿਆਂ ‘ਚ ਆਪਣੇ ਘਰ ‘ਚ ਰੱਖ ਦਿੱਤਾ। ਇਸ ਦੇ ਲਈ ਆਫਤਾਬ ਨੇ ਨਵਾਂ ਫਰਿੱਜ ਵੀ ਖਰੀਦਿਆ। ਕਈ ਦਿਨਾਂ ਤੱਕ ਉਹ ਰਾਤ ਦੇ ਦੋ ਵਜੇ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ।
