ਲੁਧਿਆਣਾ : ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਸਟੈਲੋਨ ਮਨੋਰ ਪੈਲੇਸ ਵਿੱਚ ਧੀ ਦਾ ਵਿਆਹ ਕਰਕੇ ਜਲੰਧਰ ਲਈ ਰਵਾਨਾ ਹੋਈ ਡੋਲੀ ਜਿਉਂ ਹੀ ਲਾਡੋਵਾਲ ਪਹੁੰਚੀ, ਪਰਿਵਾਰ ਨੂੰ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਮਿਲੀ ਕਿ ਜਦੋਂ ਦੁਲਹਨ ਦੇ ਮਾਤਾ-ਪਿਤਾ ਅਤੇ ਚਾਚੀ ਆਪਣੀ ਕੁੜੀ ਦੀ ਡੋਲੀ ਤੋੜਕੇ ਘਰ ਜਾ ਰਹੇ ਸੀ ਤਾਂ ਊਨਾ ਦੀ ਕਾਰ ਨਾਲ ਹਾਦਸਾ ਵਾਪਰ ਗਿਆ ਜਿਸ ਚ’ ਕੁੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਮੌਤ ਹੋ ਗਈ | ਸੂਚਨਾ ਮਿਲਦੇ ਹੀ ਡੋਲੀ ਉੱਥੋਂ ਹੀ ਵਾਪਸ ਮੁੜ ਗਈ। ਕੁਝ ਘੰਟੇ ਪਹਿਲਾਂ ਜਿਸ ਘਰ ਵਿੱਚ ਸ਼ਾਦੀ ਦੀਆਂ ਸ਼ਹਿਨਾਈਆਂ ਗੂੰਜ ਰਹੀਆਂ ਸਨ, ਉੱਥੇ ਹੁਣ ਸਿਰਫ਼ ਚੀਕ-ਪੁਕਾਰ ਅਤੇ ਮਾਤਮ ਪਸਰਿਆ ਹੋਇਆ ਹੈ
ਸੜਕ ਹਾਦਸੇ ‘ਚ ਤਿੰਨ ਦੀ ਮੌਤ
ਸਰਹਿੰਦ ਦਾ ਨੰਦਾ ਮੋਟਰਜ਼ ਦਾ ਨਾਮਵਰ ਪਰਿਵਾਰ ਆਪਣੀ ਧੀ ਗਜ਼ਲ ਦੇ ਵਿਆਹ ਤੋਂ ਬਾਅਦ ਇਨੋਵਾ ਕ੍ਰਿਸਟਾ (PB48G-0099) ਵਿੱਚ ਸਰਹਿੰਦ ਵਾਪਸ ਪਰਤ ਰਿਹਾ ਸੀ। ਕਾਰ ਵਿੱਚ ਦੁਲਹਨ ਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਰਫ਼, ਮਾਤਾ ਕਿਰਨ ਨੰਦਾ, ਚਾਚੀ ਰੇਨੂ ਬਾਲਾ, ਮੋਹਨ ਕੁਮਾਰ ਨੰਦਾ ਅਤੇ ਉਨ੍ਹਾਂ ਦੀ ਪਤਨੀ ਸ਼ਰਮੀਲੀ ਨੰਦਾ ਮੌਜੂਦ ਸਨ। ਉਨ੍ਹਾਂ ਦੇ ਪਿੱਛੇ ਰਿਸ਼ਤੇਦਾਰ ਨਰੇਸ਼ ਕੁਮਾਰ ਅਰੋੜਾ ਆਪਣੀ ਗੱਡੀ ਵਿੱਚ ਚੱਲ ਰਹੇ ਸਨ | ਨਰੇਸ਼ ਕੁਮਾਰ ਅਰੋੜਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੀਆਂ ਗੱਡੀਆਂ ਪਿੰਡ ਖਾਕਟ ਸਥਿਤ ਜ਼ਾਇਡੀ ਫੈਬਰਿਕ ਲਿਮਟਿਡ ਦੇ ਕੋਲ ਪਹੁੰਚੀਆਂ, ਇਨੋਵਾ ਦੇ ਅੱਗੇ ਚੱਲ ਰਹੇ ਟਰੱਕ (RJ20GB-3704) ਨੇ ਅਚਾਨਕ ਬ੍ਰੇਕ ਲਗਾ ਦਿੱਤੀ
ਹਾਦਸੇ ਦਾ ਕਾਰਨ : ਤੇਜ਼ ਰਫ਼ਤਾਰ ਹੋਣ ਕਰਕੇ ਇਨੋਵਾ ਸਿੱਧੀ ਟਰੱਕ ਦੇ ਪਿੱਛੇ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਹ ਕਈ ਮੀਟਰ ਤੱਕ ਘਿਸਰਦੀ ਚਲੀ ਗਈ | ਤਿੰਨਾਂ ਦੀ ਮੌਕੇ ‘ਤੇ ਮੌਤ, ਦੋ ਦੀ ਹਾਲਤ ਨਾਜ਼ੁਕ | ਹਾਦਸੇ ਵਿੱਚ ਕਾਰ ਸਵਾਰ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ
ਡੋਲੀ ਵਾਪਸ ਸਰਹਿੰਦ ਲਈ ਮੁੜੀ : ਦੁਲਹਨ ਦੀ ਡੋਲੀ ਜਲੰਧਰ ਵੱਲ ਜਾ ਰਹੀ ਸੀ। ਜਿਉਂ ਹੀ ਲਾਡੋਵਾਲ ਵਿੱਚ ਹਾਦਸੇ ਦੀ ਖ਼ਬਰ ਮਿਲੀ, ਡੋਲੀ ਉੱਥੋਂ ਹੀ ਆਪਣੇ ਘਰ ਸਰਹਿੰਦ ਲਈ ਵਾਪਸ ਮੁੜ ਗਈ। ਜਿਸ ਖੁਸ਼ੀ ਦੇ ਮਾਹੌਲ ਵਿੱਚ ਪਰਿਵਾਰ ਧੀ ਨੂੰ ਵਿਦਾ ਕਰਕੇ ਆਇਆ ਸੀ, ਉਹ ਇੱਕ ਪਲ ਵਿੱਚ ਮਾਤਮ ਵਿੱਚ ਬਦਲ ਗਿਆ


