ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ 60 ਫੁੱਟ ਉਚਾਈ ਤੋਂ ਡਿੱਗਣ ਕਾਰਨ ਸੇਵਾਦਾਰ ਦੀ ਮੌਤ

ਲੁਧਿਆਣਾ: ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਆਤਮ ਨਗਰ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾਰ ਨਗਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਸੇਵਾ ਨਿਭਾਉਂਦੇ ਸਮੇਂ ਇੱਕ ਸੇਵਾਦਾਰ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ

ਕ੍ਰੇਨ ਦੀ ਤਾਰ ਟੁੱਟਣ ਕਾਰਨ ਵਾਪਰਿਆ ਭਾਣਾ
ਮ੍ਰਿਤਕ ਦੀ ਪਛਾਣ 40 ਸਾਲਾ ਮਨਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ 9 ਵਜੇ ਮਨਿੰਦਰ ਸਿੰਘ ਲਿਫਟ ਕ੍ਰੇਨ ਦੇ ਸਹਾਰੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਉੱਪਰ ਗਏ ਸਨ। ਜਦੋਂ ਉਹ ਕਰੀਬ 80 ਫੁੱਟ ਦੀ ਉਚਾਈ ‘ਤੇ ਨਵਾਂ ਚੋਲਾ ਸਾਹਿਬ ਚੜ੍ਹਾ ਕੇ ਆਖਰੀ ਗੰਢ ਬੰਨ੍ਹ ਰਹੇ ਸਨ, ਤਾਂ ਅਚਾਨਕ ਕ੍ਰੇਨ ਦੀ ਲੋਹੇ ਦੀ ਤਾਰ ਟੁੱਟ ਗਈ। ਤਾਰ ਟੁੱਟਣ ਕਾਰਨ ਮਨਿੰਦਰ ਸਿੰਘ ਸਿੱਧਾ 60 ਫੁੱਟ ਦੀ ਉਚਾਈ ਤੋਂ ਪੱਕੇ ਫਰਸ਼ ‘ਤੇ ਆ ਡਿੱਗੇ

ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਸੰਗਤ ਨੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਹਸਪਤਾਲ ਪਹੁੰਚਾਇਆ, ਪਰ ਬਦਕਿਸਮਤੀ ਨਾਲ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਅਧੀਨ ਆਉਂਦੀ ਚੌਕੀ ਆਤਮ ਪਾਰਕ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ

12 ਸਾਲਾਂ ਤੋਂ ਨਿਭਾ ਰਹੇ ਸਨ ਨਿਸ਼ਾਨ ਸਾਹਿਬ ਦੀ ਸੇਵਾ
ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ 12 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਪੂਰੀ ਸ਼ਰਧਾ ਨਾਲ ਨਿਭਾ ਰਹੇ ਸਨ। ਉਹ ਹਰ ਸੰਗਰਾਂਦ ਅਤੇ ਵਿਸਾਖੀ ‘ਤੇ ਚੋਲਾ ਸਾਹਿਬ ਬਦਲਣ ਦੀ ਸੇਵਾ ਕਰਦੇ ਸਨ

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਮਨਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ 10 ਸਾਲ ਦਾ ਮਾਸੂਮ ਪੁੱਤਰ ਛੱਡ ਗਏ ਹਨ। ਉਹ ਪਰਿਵਾਰ ਦੇ ਗੁਜ਼ਾਰੇ ਲਈ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ ਅਤੇ ਵਾਧੂ ਸਮਾਂ ਗੁਰੂ ਘਰ ਦੀ ਨਿਸ਼ਕਾਮ ਸੇਵਾ ਵਿੱਚ ਲਗਾਉਂਦੇ ਸਨ। ਇਸ ਹਾਦਸੇ ਕਾਰਨ ਇਲਾਕੇ ਅਤੇ ਸੰਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਅੱਖ ਨਮ ਹੈ