ਸਮਰਾਲਾ ਵਿੱਚ ਵਿਆਹ ਤੋ 2 ਦਿਨ ਬਾਅਦ ਹੀ ਲਾੜੀ ਗਹਿਣੇ ਤੇ ਪੈਸੇ ਲੈ ਕੇ ਹੋਈ ਫਰਾਰ

ਸਮਰਾਲਾ ਇਲਾਕੇ ਤੋ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨੌਜਵਾਨ ਦੇ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕੇ ਸਨ ਕਿ ਦੋ ਦਿਨ ਬਾਅਦ ਹੀ ਉਸਦੀ ਨਵੀਂ ਦੁਲਹਨ ਫ਼ਰਾਰ ਹੋ ਗਈ ਜੋ ਕਿ 2 ਲੱਖ ਰੁਪਏ ਨਕਦੀ, ਗਹਿਣੇ ਅਤੇ ਹੋਰ ਸਮਾਨ ਵੀ ਨਾਲ ਲੈ ਗਈ।

ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਬੇਟੇ ਦਾ ਰਿਸ਼ਤਾ ਚਮਕੌਰ ਸਾਹਿਬ ਦੀ ਔਰਤ ਜਸਵਿੰਦਰ ਕੌਰ ਜੋ ਕਿ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ, ਉਸਨੇ ਕੀਤਾ ਸੀ। ਜਸਵਿੰਦਰ ਕੌਰ ਨੇ ਉਹਨਾ ਕੋਲੋ ਰਿਸ਼ਤਾ ਕਰਵਾਉਣ ਦਾ 40 ਹਜਾਰ ਲਿਆ ਸੀ। ਲੰਘੀ 3 ਸਤੰਬਰ ਨੂੰ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਲੜਕਾ-ਲੜਕੀ ਦੇ ਆਨੰਦ ਕਾਰਜ ਹੋਏ ਅਤੇ ਉੱਥੇ ਜਦੋਂ ਵਿਆਹ ਸਮੇਂ ਲੜਕੀ ਦਾ ਆਧਾਰ ਕਾਰਡ ਮੰਗਿਆ ਗਿਆ ਤਾਂ ਵਿਚੋਲਣ ਨੇ ਕਿਹਾ ਕਿ ਉਹ ਕੁਝ ਦਿਨ ਬਾਅਦ ਦੇ ਦਿੱਤਾ ਜਾਵੇਗਾ।

ਵਿਆਹ ਸਮੇਂ ਲੜਕੀ ਦੇ ਮਾਤਾ-ਪਿਤਾ ਵੀ ਜਦੋਂ ਨਾ ਪੁੱਜੇ ਤਾਂ ਵਿਚੋਲਣ ਨੇ ਕਿਹਾ ਕਿ ਉਹ ਬਿਮਾਰ ਹਨ ਜਿਸ ਕਾਰਨ ਉਹ ਨਹੀਂ ਆ ਸਕੇ। ਵਿਆਹ ਵਿੱਚ ਉਹਨਾ ਵੱਲੋਂ ਲੜਕੀ ਨੂੰ ਇੱਕ ਸੋਨੇ ਦੀ ਮੁੰਦਰੀ, ਵਾਲੀਆਂ, ਚਾਂਦੀ ਦੀ ਚੂੜੀ, ਝਾਂਜਰਾਂ ਅਤੇ ਹੋਰ ਕੱਪੜੇ ਵੀ ਦਿੱਤੇ ਗਏ। ਵਿਆਹ ਤੋਂ 2 ਦਿਨ ਬਾਅਦ ਹੀ ਵਿਚੋਲਣ ਦਾ ਫੋਨ ਆਇਆ ਕਿ ਲੜਕੀ ਦੇ ਮਾਤਾ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸੋਲਨ ਲੈ ਕੇ ਜਾਣਾ ਹੈ ਜਦੋ ਉਹਨਾ ਨੇ ਕਿਹਾ ਕਿ ਉਹ ਵੀ ਨਾਲ ਚੱਲਦੇ ਹਨ ਤਾ ਉਸਨੇ ਨਾਂਹ ਕਰ ਦਿੱਤੀ ਕਿ ਉਹ ਕੁਝ ਦਿਨ ਬਾਅਦ ਨਵ-ਵਿਆਹੁਤਾ ਨੂੰ ਸਹੁਰੇ ਘਰ ਛੱਡ ਦੇਵੇਗੀ।

ਇਸ ਦੋਰਾਨ ਉਹ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਤੋਂ ਇਲਾਵਾ ਘਰ ਵਿੱਚ ਪਏ ਕੱਪੜੇ ਅਤੇ 2 ਲੱਖ ਰੁਪਏ ਨਕਦੀ ਵੀ ਲੈ ਗਈ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ। ਕੁਝ ਦਿਨ ਬਾਅਦ ਜਦੋਂ ਉਨ੍ਹਾਂ ਦੀ ਨੂੰਹ ਵਾਪਸ ਨਾ ਆਈ ਤਾਂ ਉਨ੍ਹਾਂ ਵਿਚੋਲਣ ਜਸਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸਨੇ ਅੱਗੋਂ ਮੰਦਾ ਚੰਗਾ ਬੋਲਿਆ।

Tags :