ਭੁਲੱਥ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਮੁੜ ਅਦਾਲਤ ਵਿਚ ਪੇਸ਼ ਕੀਤਾ । ਅਦਾਲਤ ਨੇ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਖਹਿਰਾ ਦੇ ਸਮਰਥਨ ‘ਚ ਅਦਾਲਤ ਦੇ ਬਾਹਰ ਪਹੁੰਚੀ। ਇਸ ਦੇ ਨਾਲ ਹੀ ਐੱਸ. ਆਈ. ਟੀ. ਨੂੰ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਟੀ. ਨੂੰ ਸਬੂਤ ਮਿਲੇ ਹਨ, ਜੋ ਸੁਖਪਾਲ ਸਿੰਘ ਖਹਿਰਾ ਅਤੇ ਸਮੱਗਲਰ ਗੁਰਦੇਵ ਸਿੰਘ ਵਿਚਕਾਰ ਸੰਬੰਧਾਂ ਦਾ ਪਰਦਾਫਾਸ਼ ਕਰਦੇ ਹਨ। ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ ਆਈਜੀ ਅਤੇ ਫਿਰੋਜ਼ਪੁਰ ਦੇ ਡੀ. ਆਈ. ਜੀ. ਨੂੰ ਫੋਨ ਕੀਤੇ ਸਨ। ਪੁਲਸ ਅਨੁਸਾਰ ਇਹ ਕਾਰਵਾਈ ਖਹਿਰਾ ਖ਼ਿਲਾਫ 2015 ਦੇ ਐੱਨ. ਡੀ. ਪੀ. ਐੱਸ. ਮਾਮਲੇ ‘ਚ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ (ਐੱਨ. ਡੀ. ਪੀ. ਐੱਸ. ਐਕਟ) ਦਾ ਪੁਰਾਣਾ ਮਾਮਲਾ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
