ਮੋਹਾਲੀ ਵਿੱਚ ਇਲਾਜ ਤੋਂ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਵਿੱਚ ਸ਼ਿਰਕਤ ਕਰਨਗੇ ਸੀਐਮ ਮਾਨ; ਅਰਵਿੰਦ ਕੇਜਰੀਵਾਲ ਵੀ ਕਰਨਗੇ ਸੰਬੋਧਨ, ਡਿਊਟੀ ਦੌਰਾਨ 5 ਪੁਲਿਸ ਕਰਮਚਾਰੀ ਹਾਦਸੇ ‘ਚ ਜ਼ਖਮੀ
ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਵੱਲੋਂ ਮੋਗਾ ਦੇ ਨੇੜੇ ਪਿੰਡ ਕਿੱਲੀ ਚਹਿਲਾਂ ਵਿੱਚ ਕਰਵਾਈ ਜਾ ਰਹੀ ਨਸ਼ਾ ਵਿਰੋਧੀ ਰੈਲੀ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਹੁਣ ਖਤਮ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਹੱਤਵਪੂਰਨ ਰੈਲੀ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਨੂੰ ਜਲਦੀ ਹੀ ਮੋਹਾਲੀ ਸਥਿਤ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਮੋਗਾ ਪਹੁੰਚਣਗੇ।
ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੰਕੇਤ ਦਿੰਦਿਆਂ ਲਿਖਿਆ, “ਆਮ ਆਦਮੀ ਪਾਰਟੀ ਵੱਲੋਂ ਅੱਜ ਮੋਗਾ ਦੇ ਨੇੜੇ ਪਿੰਡ ਕਿੱਲੀ ਚਹਿਲ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਦੋਸਤੋ, ਮਿਲਦੇ ਹਾਂ।” ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ‘ਤੇ ਆਪਣੀ ਹਾਜ਼ਰੀ ਦੀ ਪੁਸ਼ਟੀ ਨਹੀਂ ਕੀਤੀ, ਪਰ ਪਾਰਟੀ ਸੂਤਰਾਂ ਮੁਤਾਬਕ ਉਹ ਰੈਲੀ ਵਿੱਚ ਸ਼ਾਮਲ ਹੋਣਗੇ।
ਯਾਦ ਰਹੇ ਕਿ ਮੁੱਖ ਮੰਤਰੀ ਦੀ ਕੱਲ੍ਹ ਸੰਗਰੂਰ ਦੌਰੇ ਦੌਰਾਨ ਅਚਾਨਕ ਤਬੀਅਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਮੋਹਾਲੀ ਲਿਜਾਇਆ ਗਿਆ ਸੀ, ਜਿੱਥੇ ਉਹਨਾਂ ਦਾ ਇਲਾਜ ਜਾਰੀ ਰਿਹਾ।
ਇਸ ਰੈਲੀ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੰਬੋਧਨ ਕਰਨਗੇ, ਜਿਸ ਨਾਲ ਰੈਲੀ ਦੀ ਰਾਜਨੀਤਿਕ ਮਹੱਤਤਾ ਹੋਰ ਵੱਧ ਗਈ ਹੈ।
