ਘਰੇਲੂ ਤਣਾਅ ਤੋਂ ਪਰੇਸ਼ਾਨ ਵਿਆਹੁਤਾ ਔਰਤ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਚੁੱਕਿਆ ਖੌਫਨਾਕ ਕਦਮ

ਘਰੇਲੂ ਪਰੇਸ਼ਾਨੀਆਂ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਇੱਕ ਵਿਆਹੁਤਾ ਔਰਤ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਲਾਈਵ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਰਾਜੂ ਬੇਲਾ ਨਾਲ ਸੰਬੰਧਿਤ ਹੈ, ਜਿੱਥੇ ਔਰਤ ਪਿਛਲੇ ਕਰੀਬ ਇੱਕ ਸਾਲ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ।

ਮ੍ਰਿਤਕਾ ਦੇ ਪਿਤਾ ਸੈਮੂਅਲ ਮਸੀਹ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੀ ਧੀ ਘਰੋਂ ਬਾਜ਼ਾਰ ਗਈ ਹੋਈ ਸੀ। ਇਸ ਦੌਰਾਨ ਕੁਝ ਰਿਸ਼ਤੇਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਉਹ ਇੰਸਟਾਗ੍ਰਾਮ ‘ਤੇ ਲਾਈਵ ਹੈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਹ ਵੀ ਸੂਚਨਾ ਮਿਲੀ ਕਿ ਉਸ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ।

ਇੱਕ ਸਾਲ ਦੇ ਬੱਚੇ ਦੀ ਮਾਂ ਸੀ

ਪਰਿਵਾਰ ਦੇ ਮੁਤਾਬਕ, ਔਰਤ ਦਾ ਵਿਆਹ ਬਲਾਕ ਦਸੂਹਾ ਦੇ ਪਿੰਡ ਰਾਓ ਵਿੱਚ ਹੋਇਆ ਸੀ। ਉਸ ਦਾ ਇੱਕ ਸਾਲ ਦਾ ਪੁੱਤਰ ਹੈ। ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਲਈ ਵਿਦੇਸ਼ ਵਿੱਚ ਰਹਿ ਰਿਹਾ ਹੈ। ਪਰਿਵਾਰ ਅਨੁਸਾਰ ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੀ ਸੀ।

ਪੁਲਿਸ ਵੱਲੋਂ ਭਾਲ ਜਾਰੀ

ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦਰਿਆ ਵਿੱਚ ਭਾਲ ਮੁਹਿੰਮ ਚਲਾਈ ਗਈ ਹੈ। ਖ਼ਬਰ ਲਿਖੇ ਜਾਣ ਤੱਕ ਲਾਸ਼ ਨਹੀਂ ਮਿਲੀ ਸੀ ਅਤੇ ਤਲਾਸ਼ੀ ਦਾ ਕੰਮ ਜਾਰੀ ਸੀ।

ਜਾਂਚ ਜਾਰੀ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਤੇ ਹੋਰ ਸੰਬੰਧਿਤ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।