ਨਵਾਂ ਗਰਾਓਂ ‘ਚ ਲੜਾਈ ਦੌਰਾਨ ਨੌਜਵਾਨ ਦੀ ਮੌਤ, ਇੱਕ ਜ਼ਖਮੀ

ਨਵਾਂ ਗਰਾਓਂ ਵਿੱਚ ਬੀਤੀ ਰਾਤ ਹੋਏ ਲੜਾਈ-ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।

ਇਲਾਜ ਦੌਰਾਨ ਤੋੜਿਆ ਦਮ

ਮ੍ਰਿਤਕ ਦੀ ਪਛਾਣ ਕਰਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਖੁੱਡਾ ਅਲੀ ਸ਼ੇਰ ਇਲਾਕੇ ਦਾ ਰਹਿਣ ਵਾਲਾ ਸੀ। ਜ਼ਖਮੀ ਹਾਲਤ ਵਿੱਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇੱਕ ਨੌਜਵਾਨ ਹਸਪਤਾਲ ਵਿੱਚ ਦਾਖਲ

ਇਸ ਘਟਨਾ ਵਿੱਚ ਹਰਪ੍ਰੀਤ ਸਿੰਘ ਵੀ ਜ਼ਖਮੀ ਹੋਇਆ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ‘ਤੇ ਡਾਕਟਰਾਂ ਦੀ ਨਿਗਰਾਨੀ ਹੈ। ਮ੍ਰਿਤਕ ਦੇ ਭਰਾ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸ਼ੁਰੂਆਤੀ ਜਾਂਚ ਮੁਤਾਬਕ ਇਸ ਵਾਰਦਾਤ ਵਿੱਚ ਕਰੀਬ ਅੱਠ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।