ਬਕਾਇਆ ਪੈਸੇ ਨਾ ਮਿਲਣ ਕਾਰਨ ਗੁੱਸੇ ‘ਚ ਆਏ ਬੰਦੇ ਨੇ ਕੱਟੀਆਂ ਚਿੰਨਾਸਵਾਮੀ ਸਟੇਡੀਅਮ ਦੇ 240 CCTV ਕੈਮਰਿਆਂ ਦੀਆਂ ਤਾਰਾਂ

ਬੈਂਗਲੁਰੂ: ਬੈਂਗਲੁਰੂ ਦੇ ਮਸ਼ਹੂਰ ਚਿੰਨਾਸਵਾਮੀ ਸਟੇਡੀਅਮ ਵਿੱਚ IPL ਮੈਚ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲੇ ਮੈਚ ਤੋਂ ਠੀਕ ਪਹਿਲਾਂ, ਦੋ ਵਿਅਕਤੀਆਂ ਨੇ ਕਥਿਤ ਤੌਰ ‘ਤੇ ਸਟੇਡੀਅਮ ਦੇ 240 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀਆਂ ਆਪਟੀਕਲ ਫਾਈਬਰ ਕੇਬਲਾਂ ਕੱਟ ਦਿੱਤੀਆਂ

ਪੈਸੇ ਨਾ ਮਿਲਣ ਕਾਰਨ ਚੁੱਕਿਆ ਕਦਮ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੀ ਮਿਹਨਤ ਦੇ ਬਕਾਇਆ ਪੈਸੇ ਨਾ ਮਿਲਣ ਕਾਰਨ ਗੁੱਸੇ ਵਿੱਚ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਜੂਨਾਥ ਈ (37), ਵਾਸੀ ਚਿੱਤਰਦੁਰਗਾ ਅਤੇ ਅਬਦੁਲ ਕਲਾਮ (19), ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਦੋਵੇਂ ਇੱਕ ਸਬ-ਵੈਂਡਰ ਕੰਪਨੀ ਵਿੱਚ ਕੰਮ ਕਰਦੇ ਸਨ ਜਿਸ ਨੇ ਸਟੇਡੀਅਮ ਵਿੱਚ ਸੀਸੀਟੀਵੀ ਲਗਾਉਣ ਅਤੇ ਵਾਇਰਿੰਗ ਦਾ ਕੰਮ ਕੀਤਾ ਸੀ

ਕਿਵੇਂ ਦਿੱਤਾ ਘਟਨਾ ਨੂੰ ਅੰਜਾਮ?
ਬਿਨਾਂ ਇਜਾਜ਼ਤ ਐਂਟਰੀ: 24 ਅਪ੍ਰੈਲ ਦੀ ਸਵੇਰ ਨੂੰ ਇਹ ਦੋਵੇਂ ਮੁਲਜ਼ਮ ਪੁਰਾਣੇ ਡੀ-ਐਕਟੀਵੇਟਿਡ ਕਾਰਡਾਂ ਦੀ ਵਰਤੋਂ ਕਰਕੇ ਸਟੇਡੀਅਮ ਅੰਦਰ ਦਾਖਲ ਹੋਏ

ਕੰਟਰੋਲ ਰੂਮ ‘ਚ ਤੋੜਫੋੜ: ਉਹ ਸੀਸੀਟੀਵੀ ਕੰਟਰੋਲ ਰੂਮ ਵਿੱਚ ਗਏ ਅਤੇ ਜੰਕਸ਼ਨ ਬਾਕਸ ਕੋਲ ਲੱਗੀਆਂ ਫਾਈਬਰ ਤਾਰਾਂ ਨੂੰ ਨੁਕਸਾਨ ਪਹੁੰਚਾਇਆ

ਨੈੱਟਵਰਕ ਜਾਮ: ਉਨ੍ਹਾਂ ਨੇ NVR ਸਿਸਟਮ ਨਾਲ ਛੇੜਛਾੜ ਕੀਤੀ, ਜਿਸ ਨਾਲ ਗੇਟਾਂ ਅਤੇ ਸਟੈਂਡਾਂ ਦੀ ਨਿਗਰਾਨੀ ਕਰ ਰਹੇ 240 ਕੈਮਰੇ ਬੰਦ ਹੋ ਗਏ

ਪੁਲਿਸ ਨੇ ਦਰਜ ਕੀਤੀ FIR
ਗੁਰੂਗ੍ਰਾਮ ਦੀ ਸੁਰੱਖਿਆ ਕੰਪਨੀ ‘ਸਟਾਕ ਟੈਕਨੋਲੋਜੀਜ਼’ (Staqu Technologies) ਦੀ ਸ਼ਿਕਾਇਤ ‘ਤੇ ਕਬਨ ਪਾਰਕ ਪੁਲਿਸ ਨੇ ਦੋਵਾਂ ਵਿਰੁੱਧ ਬੀਐਨਐਸ (BNS) ਦੀ ਧਾਰਾ 324(4) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਪਿਛਲੇ ਸਾਲ ਸਟੇਡੀਅਮ ਵਿੱਚ ਹੋਈ ਭਗਦੜ ਤੋਂ ਬਾਅਦ ਪੁਲਿਸ ਭੀੜ ਨੂੰ ਕੰਟਰੋਲ ਕਰਨ ਲਈ ਏਆਈ (AI) ਤਕਨੀਕ ਅਤੇ ਸੀਸੀਟੀਵੀ ‘ਤੇ ਬਹੁਤ ਜ਼ਿਆਦਾ ਨਿਰਭਰ ਹੈ, ਅਜਿਹੇ ਵਿੱਚ ਇਹ ਇੱਕ ਵੱਡੀ ਸੁਰੱਖਿਆ ਕੁਤਾਹੀ ਸੀ

ਮੌਕੇ ਸਿਰ ਹੋਈ ਮੁਰੰਮਤ
ਰਾਹਤ ਦੀ ਗੱਲ ਇਹ ਰਹੀ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਰਾਂ ਦੀ ਮੁਰੰਮਤ ਕਰ ਦਿੱਤੀ ਗਈ ਅਤੇ ਕੈਮਰਿਆਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਚ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਇਸ ਦਾ ਕੋਈ ਅਸਰ ਨਹੀਂ ਪਿਆ, ਪਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ