ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਬਹਾਲ, ‘ਆਪ’ ਸਰਕਾਰ ਨੇ ਮੁੜ ਦਿੱਤੇ ਗੰਨਮੈਨ

ਜਲੰਧਰ ਸੈਂਟਰਲ ਹਲਕੇ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ ਨੂੰ ਪੰਜਾਬ ਪੁਲਿਸ ਵੱਲੋਂ ਮੁੜ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 1 ਮਈ (ਮਜ਼ਦੂਰ ਦਿਵਸ) ਨੂੰ ਉਨ੍ਹਾਂ ਦੇ ਘਰ ਸੁਰੱਖਿਆ ਕਰਮਚਾਰੀ ਅਤੇ ਇੱਕ ਪਾਇਲਟ ਜਿਪਸੀ ਪਹੁੰਚ ਗਈ ਹੈ।

ਸੁਰੱਖਿਆ ਵਿੱਚ ਅਚਾਨਕ ਬਦਲਾਅ

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਨੇ ਰਮਨ ਅਰੋੜਾ ਦੀ ਸੁਰੱਖਿਆ ਵਾਪਸ ਲੈ ਲਈ ਸੀ ਅਤੇ ਉਨ੍ਹਾਂ ਨੂੰ ਮਿਲੀਆਂ ਹੋਰ ਸਰਕਾਰੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਅਚਾਨਕ ਪੁਲਿਸ ਨੇ ਉਨ੍ਹਾਂ ਦੇ ਘਰ ਚਾਰ ਗੰਨਮੈਨ ਅਤੇ ਪਾਇਲਟ ਗੱਡੀ ਤਾਇਨਾਤ ਕਰ ਦਿੱਤੀ ਹੈ। ਅਰੋੜਾ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਹਾਈ ਕੋਰਟ ਤੋਂ ਜ਼ਮਾਨਤ ‘ਤੇ ਬਾਹਰ ਆਏ ਹਨ।

ਵਿਧਾਇਕ ਰਮਨ ਅਰੋੜਾ ਦਾ ਬਿਆਨ

ਇਸ ਬਾਰੇ ਜਦੋਂ ਵਿਧਾਇਕ ਰਮਨ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸੁਰੱਖਿਆ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ਮੈਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈ ਕੇ ਵਾਪਸ ਆ ਰਿਹਾ ਹਾਂ ਅਤੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸੁਰੱਖਿਆ ਕਰਮਚਾਰੀ ਮੇਰੇ ਘਰ ਪਹੁੰਚ ਗਏ ਹਨ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਅਚਾਨਕ ਕਿਵੇਂ ਹੋਇਆ, ਤਾਂ ਉਨ੍ਹਾਂ ਨੇ ਸੰਖੇਪ ਵਿੱਚ ਕਿਹਾ, ਇਹ ਸਭ ਬਾਲਾਜੀ ਦਾ ਆਸ਼ੀਰਵਾਦ ਹੈ।”

ਸਿਆਸੀ ਗਲਿਆਰਿਆਂ ਵਿੱਚ ਚਰਚਾ

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ‘ਆਪ’ ਸਰਕਾਰ ਇਹ ਕਦਮ ਫਲੋਰ ਟੈਸਟ ਤੋਂ ਪਹਿਲਾਂ ਆਪਣੇ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਚੁੱਕ ਰਹੀ ਹੈ। ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਨੂੰ ਰੋਕਣ ਲਈ ਨਾਰਾਜ਼ ਚੱਲ ਰਹੇ ਵਿਧਾਇਕਾਂ ਨੂੰ ਮੁੜ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਰਮਨ ਅਰੋੜਾ ਦਾ ਸੁਰੱਖਿਆ ਘੇਰਾ ਵਾਪਸ ਦੇ ਕੇ ਕੀਤੀ ਗਈ ਹੈ।