ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ‘ਆਪ੍ਰੇਸ਼ਨ ਲੋਟਸ’ (Operation Lotus) ਦੀ ਗੂੰਜ ਸੁਣਾਈ ਦੇ ਰਹੀ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਲਾਲਚ ਦਿੱਤਾ ਗਿਆ ਸੀ
ਵਿਧਾਇਕਾ ਭਰਾਜ ਦੇ ਵੱਡੇ ਖੁਲਾਸੇ
ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇੱਕ ਗੁਪਤ ਮੀਟਿੰਗ (Close Door Meeting) ਲਈ ਸੱਦਾ ਦਿੱਤਾ ਗਿਆ ਸੀ।
ਕੀ ਦਿੱਤਾ ਗਿਆ ਲਾਲਚ? ਵਿਧਾਇਕਾ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਭਾਜਪਾ ਵਿੱਚ ਆਉਂਦੇ ਹਨ, ਤਾਂ ਸਾਲ 2027 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸੰਗਰੂਰ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਹੋਰ “ਲੋੜਾਂ” ਵੀ ਪੂਰੀਆਂ ਕੀਤੀਆਂ ਜਾਣਗੀਆਂ
ਬਲਤੇਜ ਪੰਨੂ ਦਾ ਬਿਆਨ: ਪਾਰਟੀ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਨੇ ਇਸ ਨੂੰ ਭਾਜਪਾ ਦੀ ਗੰਦੀ ਰਾਜਨੀਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਤੋਂ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਾਡੇ ਵਿਧਾਇਕ ਵਿਕਣ ਵਾਲੇ ਨਹੀਂ ਹਨ।
ਪੁਰਾਣੇ ਇਲਜ਼ਾਮਾਂ ਦੀ ਯਾਦ ਹੋਈ ਤਾਜ਼ਾ
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ‘ਆਪ’ ਨੇ ਭਾਜਪਾ ‘ਤੇ ਅਜਿਹੇ ਇਲਜ਼ਾਮ ਲਾਏ ਹਨ:
13 ਸਤੰਬਰ 2022: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਵੱਲੋਂ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਆਫਰ ਦਿੱਤੀ ਜਾ ਰਹੀ ਹੈ। ਇਸ ਸਬੰਧੀ ਮੋਹਾਲੀ ਵਿੱਚ FIR ਵੀ ਦਰਜ ਹੋਈ ਸੀ
ਸੀਤਲ ਅੰਗੁਰਾਲ ਦਾ ਮਾਮਲਾ: ਜਲੰਧਰ ਪੱਛਮੀ ਦੇ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਨੇ ਵੀ ਪਹਿਲਾਂ ਅਜਿਹੇ ਹੀ ਇਲਜ਼ਾਮ ਲਾਏ ਸਨ, ਪਰ ਬਾਅਦ ਵਿੱਚ ਉਹ ਖੁਦ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ
ਵਿਵਾਦਾਂ ਨਾਲ ਜੁੜਿਆ ਰਿਹਾ ਹੈ ਨਰਿੰਦਰ ਕੌਰ ਭਰਾਜ ਦਾ ਨਾਂ
ਵਿਧਾਇਕਾ ਭਰਾਜ ਫਰਵਰੀ 2025 ਵਿੱਚ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਆਗੂ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਫੱਗੂਵਾਲਾ ਨੇ ਇੱਕ ਵੀਡੀਓ ਵਾਇਰਲ ਕਰਕੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਯੂਨੀਅਨ ਦਾ ਪ੍ਰਧਾਨ ਬਣਨ ਲਈ ਵਿਧਾਇਕਾ ਨੂੰ 30 ਲੱਖ ਰੁਪਏ ਦਿੱਤੇ ਸਨ। ਹਾਲਾਂਕਿ, ਵਿਧਾਇਕਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਹਮੇਸ਼ਾ ਨਕਾਰਿਆ ਹੈ।
ਜਿੱਥੇ ਆਮ ਆਦਮੀ ਪਾਰਟੀ ਇਸ ਨੂੰ ਲੋਕਤੰਤਰ ਦੀ ਹੱਤਿਆ ਦੱਸ ਰਹੀ ਹੈ, ਉੱਥੇ ਹੀ ਸਿਆਸੀ ਮਾਹਿਰ ਇਸ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਦੀ ਸ਼ਬਦੀ ਜੰਗ ਮੰਨ ਰਹੇ ਹਨ

