ਨਵਾਂਸ਼ਹਿਰ : ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਅੱਜ ਰਾਹੋਂ ਤੋਂ ਜਾਡਲਾ ਤੱਕ 7.49 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਲਗਭਗ 11 ਕਿਲੋਮੀਟਰ ਨਵੀਂ ਸੜਕ ਜੋ ਕਿ 15 ਦਸੰਬਰ ਨੂੰ ਬਣ ਕੇ ਤਿਆਰ ਹੋਈ ਸੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਚੈਕਿੰਗ ਕੁਆਲਟੀ ਕੰਟਰੋਲ ਟੀਮ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦਾ ਸੈਂਪਲ ਲੈ ਕੇ ਤੁਰੰਤ ਕੁਆਲਟੀ ਟੈਸਟ ਲਈ ਲੈਬ ਵਿੱਚ ਭੇਜੇ ਜਾਣ ਅਤੇ ਜੋ ਵੀ ਰਿਪੋਰਟ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਅਧਿਕਾਰੀਆ ਨੂੰ ਇਹ ਵੀ ਹਦਾਇਤ ਕੀਤੀ ਕਿ ਸੜਕ ਦੇ ਕਿਨਾਰੇ ਬਰਮਾਂ ਅਤੇ ਵਾਈਟ ਲਾਈਨਿੰਗ ਪੂਰੀ ਹੋਣ ਤੱਕ ਅਤੇ ਕੁਆਲਟੀ ਕੰਟਰੋਲ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੋਈ ਅਦਾਇਗੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਵਿੱਚ ਬਿਹਤਰ ਅਵਾਜਾਈ ਨੂੰ ਯਕੀਨੀ ਬਣਾਉਣ ਲਈ 45000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਸੂਬੇ ਅੰਦਰ ਏਨੇ ਵੱਡੇ ਪੱਧਰ ਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਇਹ ਸੜਕ ਬਣਕੇ ਤਿਆਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਸੜਕ ਭਾਵੇ ਸਟੇਟ ਹਾਈਵੇ ਹੈ ਜਾਂ ਲਿੰਕ ਰੋਡ ਹੋਵੇ ਖਸਤਾ ਹਾਲਤ ਵਿੱਚ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਤੋਂ ਇਲਾਵੇ ਸੂਬੇ ਵਿੱਚ ਬਣਾਏ ਗਏ ਫਲਾਇੰਗ ਸਕੁਐਡ ਵਲੋਂ ਵੀ ਸੜਕਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਵੀਆਂ ਬਣਾਈਆਂ ਗਈਆਂ ਸੜਕਾਂ ਦੀ ਮਿਆਦ 5 ਸਾਲ ਹੁੰਦੀ ਹੈ ਪਰ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ 7 ਸਾਲ ਤੱਕ ਇਹਨਾਂ ਦੀ ਮੁਰੰਮਤ ਕਰਵਾਉਣ ਦੀ ਲੋੜ ਨਾ ਪਵੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੀ ਮਜ਼ਬੂਤੀ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇ ਅਤੇ ਅਣਗਹਿਲੀ ਪਾਏ ਜਾਣ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੈਬਨਿਟ ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੜਕਾਂ ਦੀ ਮਜ਼ਬੂਤੀ ਦਾ ਧਿਆਨ ਰੱਖਣ ਅਤੇ ਜੇਕਰ ਉਹਨਾਂ ਦੇ ਧਿਆਨ ਸੜਕਾਂ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਵਿਭਾਗੀ ਅਧਿਕਾਰੀਆਂ ਜਾਂ ਉਹਨਾਂ ਦੇ ਧਿਆਨ ਵਿੱਚ ਜਰੂਰ ਲਿਆਉਣ ਤਾਂ ਜੋ ਇਸ ਨੂੰ ਸਮੇਂ ਸਿਰ ਦਰੁਸਤ ਕਰਵਾਇਆ ਜਾ ਸਕੇ। ਉਨ੍ਹਾਂ ਸੜਕ ਨਿਰਮਾਣ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਸੜਕਾਂ ਨੂੰ ਮਿਆਰੀ ਅਤੇ ਗੁਣਵੱਤਾ ਭਰਪੂਰ ਬਣਾਉਣ ਅਤੇ ਜੇਕਰ ਸੜਕਾਂ ਦੀ ਹਾਲਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਦੀ ਮੁਕੰਮਲ ਕਰਨੀ ਪਵੇਗੀ ਤੇ ਸਖ਼ਤ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵਲੋਂ ਪਿੰਡ ਮੁਜੱਫਰਪੁਰ ਵਿਚੱ 4186 ਸਕੇਅਰ ਫੁੱਟ ਵਿੱਚ ਬਣ ਰਹੇ ਪੀ.ਐਚ.ਸੀ. ਸੈਂਟਰ ਜੋ ਅਪ੍ਰੈਲ 2026 ਵਿੱਚ ਬਣਕੇ ਤਿਆਰ ਹੋਣਾ ਹੈ ਦਾ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਇਮਾਰਤ ਦੇ ਨਿਰਮਾਣ ਵਿੱਚ ਵਰਤੀ ਜਾ ਰਹੀ ਸਮੱਗਰੀ ਜਿਵੇਂ ਸਰੀਆ, ਸੀਮੈਂਟ, ਇੱਟਾਂ, ਰੇਤਾਂ ਆਦਿ ਦੇ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਇਹਨਾਂ ਸੈਂਪਲਾਂ ਨੂੰ ਪਟਿਆਲਾ ਲੈਬ ਵਿਖੇ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਵਲੋਂ ਸੜਕਾਂ ਤੇ ਇਮਾਰਤਾਂ ਦੇ ਨਿਰਮਾਣ ਵਿੱਚ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ



