ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਕੈਨੇਡਾ ਵਿੱਚ ਰਹਿੰਦੀ ਇੱਕ ਮਸ਼ਹੂਰ ਪੰਜਾਬੀ ਰੇਡੀਓ ਹੋਸਟ ਸੁਖਵਿੰਦਰ ਕੌਰ ਸੰਘਾ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਫੈਸਲਾ ਉਸ ਕੋਲੋਂ ਕਰੋੜਾਂ ਰੁਪਏ ਦੀ ਨਸ਼ੀਲੇ ਪਦਾਰਥ (ਮੈਥਾਮਫੇਟਾਮਾਈਨ) ਬਰਾਮਦ ਹੋਣ ਤੋਂ ਬਾਅਦ ਲਿਆ ਹੈ।
83 ਕਰੋੜ ਰੁਪਏ ਦੀ ਨਸ਼ੀਲੀ ਖੇਪ ਬਰਾਮਦ
ਇਹ ਮਾਮਲਾ ਅਕਤੂਬਰ 2021 ਦਾ ਹੈ, ਜਦੋਂ ਸੁਖਵਿੰਦਰ ਸੰਘਾ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰ ਰਹੀ ਸੀ। ਸਰੀ (ਬ੍ਰਿਟਿਸ਼ ਕੋਲੰਬੀਆ) ਦੀ ਸਰਹੱਦ ‘ਤੇ ਜਦੋਂ ਅਧਿਕਾਰੀਆਂ ਨੇ ਉਸ ਨੂੰ ਚੈਕਿੰਗ ਲਈ ਰੋਕਿਆ, ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਕਾਰ ਦੀ ਤਲਾਸ਼ੀ ਦੌਰਾਨ 108 ਕਿੱਲੋ ਮੈਥਾਮਫੇਟਾਮਾਈਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 83 ਕਰੋੜ ਰੁਪਏ ਦੱਸੀ ਗਈ ਹੈ।
ਪੰਜਾਬੀ ਭਾਈਚਾਰੇ ਵਿੱਚ ਸੀ ਜਾਣਿਆ-ਪਛਾਣਿਆ ਚਿਹਰਾ
47 ਸਾਲਾ ਸੁਖਵਿੰਦਰ ਸੰਘਾ ਮੂਲ ਰੂਪ ਵਿੱਚ ਜਲੰਧਰ ਦੇ ਨਕੋਦਰ ਨਾਲ ਸਬੰਧ ਰੱਖਦੀ ਹੈ, ਹਾਲਾਂਕਿ ਉਸਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਸੀ। ਪਿਛਲੇ ਕੁਝ ਸਾਲਾਂ ਵਿੱਚ ਉਹ ਪੰਜਾਬੀ ਮੀਡੀਆ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਸੀ। ਉਹ ਇੱਕ ਫ੍ਰੀਲਾਂਸ ਰੇਡੀਓ ਅਤੇ ਟੀਵੀ ਹੋਸਟ ਵਜੋਂ ਕੰਮ ਕਰਦੀ ਸੀ ਅਤੇ ਉਸ ਦੇ ਸ਼ੋਅ ਵਿੱਚ ਵੱਡੇ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਸ਼ਿਰਕਤ ਕਰਦੀਆਂ ਸਨ।
ਅਦਾਲਤ ਵਿੱਚ ਬੇਗੁਨਾਹੀ ਦੇ ਦਾਅਵੇ ਹੋਏ ਫੇਲ੍ਹ
ਸੁਣਵਾਈ ਦੌਰਾਨ ਸੁਖਵਿੰਦਰ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ। ਉਸ ਦਾ ਤਰਕ ਸੀ ਕਿ ਉਹ ਕਿਸੇ ਰਿਸ਼ਤੇਦਾਰ ਦੇ ਭੋਗ ‘ਤੇ ਗਈ ਸੀ ਅਤੇ ਉਸ ਨੂੰ ਕਿਸੇ ਦਬਾਅ ਹੇਠ ਇਹ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਪਰ, ਪੁਲਿਸ ਨੂੰ ਉਸ ਦੇ ਮੋਬਾਈਲ ਫੋਨ ਤੋਂ ਅਜਿਹੇ ਟੈਕਸਟ ਮੈਸੇਜ ਮਿਲੇ ਜਿਨ੍ਹਾਂ ਨੇ ਸਾਰੀ ਸੱਚਾਈ ਸਾਹਮਣੇ ਲਿਆ ਦਿੱਤੀ।
ਸਬੂਤਾਂ ਨੇ ਖੋਲ੍ਹੀ ਪੋਲ
ਜਸਟਿਸ ਜੌਨ ਗਿਬ-ਕਾਰਸਲੇ ਨੇ ਸੁਖਵਿੰਦਰ ਦੇ ਬਹਾਨਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੋਬਾਈਲ ਸੁਨੇਹਿਆਂ ਤੋਂ ਸਪੱਸ਼ਟ ਹੈ ਕਿ ਉਹ ਨਾ ਸਿਰਫ਼ ਇਸ ਨੈੱਟਵਰਕ ਦਾ ਹਿੱਸਾ ਸੀ, ਸਗੋਂ ਤਸਕਰੀ ਦੇ ਇਸ ਧੰਦੇ ਵਿੱਚ ਇੱਕ ਭਰੋਸੇਮੰਦ ਸਾਥੀ ਵਜੋਂ ਕੰਮ ਕਰ ਰਹੀ ਸੀ। ਅਦਾਲਤ ਨੇ ਸਾਰੇ ਸਬੂਤਾਂ ਦੇ ਆਧਾਰ ‘ਤੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਭੇਜ ਦਿੱਤਾ ਹੈ।
