ਤਰਨਤਾਰਨ ਵਿਚ ਜ਼ਮੀਨੀ ਵਿਵਾਦ ਕਾਰਨ ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਤਰਨਤਾਰਨ ਦੇ ਨਜ਼ਦੀਕੀ ਪਿੰਡ ਜੌੜਾ ਤੋਂ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਦੇ ਝਗੜੇ ਦੇ ਚੱਲਦਿਆਂ ਇੱਕ ਨੌਜਵਾਨ ਨੇ ਆਪਣੇ ਹੀ ਚਾਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ (ਪੁੱਤਰ ਮੱਸਾ ਸਿੰਘ) ਵਜੋਂ ਹੋਈ ਹੈ।

ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ

ਪੁਲਿਸ ਮੁਤਾਬਕ ਇਹ ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ। ਬਲਬੀਰ ਸਿੰਘ ਦਾ ਆਪਣੇ ਭਤੀਜੇ ਸੁਰਜੀਤ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅੱਜ ਸਵੇਰੇ ਇਸੇ ਬਹਿਸਬਾਜ਼ੀ ਦੌਰਾਨ ਸੁਰਜੀਤ ਸਿੰਘ ਨੇ ਆਪਣੀ ਪਤਨੀ ਨਾਲ ਮਿਲ ਕੇ ਚਾਚੇ ’ਤੇ ਹਮਲਾ ਕਰ ਦਿੱਤਾ। ਸੁਰਜੀਤ ਨੇ ਬਲਬੀਰ ਸਿੰਘ ਦੇ ਸਿਰ ’ਤੇ ਡੰਡਿਆਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਲੱਗੀਆਂ ਗੰਭੀਰ ਸੱਟਾਂ ਕਰਕੇ ਬਲਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਵੱਲੋਂ ਮਾਮਲਾ ਦਰਜ ਅਤੇ ਕਾਰਵਾਈ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਰਵੀਸ਼ੇਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਥਾਣਾ ਸਰਹਾਲੀ ਦੀ ਪੁਲਿਸ ਨੇ ਮੁਲਜ਼ਮ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਹਰਜੀਤ ਕੌਰ ਦੇ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।