ਪੈਗੌਂਗ ਝੀਲ ‘ਚ ਸਟੰਟ ਕਰਨਾ ਪਿਆ ਮਹਿੰਗਾ; ਥਾਰ, ਫਾਰਚੂਨਰ ਤੇ ਕ੍ਰੇਟਾ ਸਮੇਤ 4 ਗੱਡੀਆਂ ਜ਼ਬਤ, 2 ਲੱਖ ਦਾ ਜੁਰਮਾਨਾ”

ਲੇਹ : ਲੱਦਾਖ ਦੀਆਂ ਖੂਬਸੂਰਤ ਵਾਦੀਆਂ ਵਿੱਚ ਸੈਰ-ਸਪਾਟੇ ਦੇ ਨਾਮ ‘ਤੇ ਵਾਤਾਵਰਣ ਨਾਲ ਖਿਲਵਾੜ ਕਰਨ ਵਾਲਿਆਂ ਲਈ ਹੁਣ ਰਾਹ ਆਸਾਨ ਨਹੀਂ ਰਹਿਣਗੇ। ਲੱਦਾਖ ਪ੍ਰਸ਼ਾਸਨ ਨੇ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਦਿਆਂ ਪੈਗੌਂਗ ਝੀਲ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਗੈਰ-ਕਾਨੂੰਨੀ ‘ਆਫ-ਰੋਡਿੰਗ’ (Off-roading) ਅਤੇ ਸਟੰਟਬਾਜ਼ੀ ਕਰਨ ਵਾਲੇ ਸੈਲਾਨੀਆਂ ‘ਤੇ ਸਖ਼ਤ ਕਾਰਵਾਈ ਕੀਤੀ ਹੈ

ਕੀ ਹੈ ਪੂਰਾ ਮਾਮਲਾ?
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕੁਝ ਅਜਿਹੇ ਵੀਡੀਓ ਵਾਇਰਲ ਹੋ ਰਹੇ ਸਨ, ਜਿਨ੍ਹਾਂ ਵਿੱਚ ਸੈਲਾਨੀ ਆਪਣੀਆਂ ਮਹਿੰਗੀਆਂ ਗੱਡੀਆਂ (ਥਾਰ, ਕ੍ਰੇਟਾ, ਫਾਰਚੂਨਰ) ਨੂੰ ਪੈਗੌਂਗ ਝੀਲ ਦੇ ਪਾਣੀ, ਨਦੀਆਂ ਅਤੇ ਸੁਰੱਖਿਅਤ ਜੰਗਲੀ ਖੇਤਰਾਂ ਵਿੱਚ ਚਲਾ ਕੇ ਸਟੰਟ ਕਰ ਰਹੇ ਸਨ। ਇਸ ਨਾਲ ਨਾ ਸਿਰਫ਼ ਉੱਥੋਂ ਦੇ ਨਾਜ਼ੁਕ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਸੀ, ਸਗੋਂ ਦੁਰਲੱਭ ਜੰਗਲੀ ਜੀਵਾਂ ਦੇ ਕੁਦਰਤੀ ਨਿਵਾਸ ਵਿੱਚ ਵੀ ਖਲਲ ਪੈ ਰਿਹਾ ਸੀ

ਪ੍ਰਸ਼ਾਸਨ ਦਾ ਸਖ਼ਤ ਐਕਸ਼ਨ
ਲੱਦਾਖ ਪ੍ਰਸ਼ਾਸਨ ਨੇ ਇਨ੍ਹਾਂ ਵਾਇਰਲ ਵੀਡੀਓਜ਼ ਦਾ ਤੁਰੰਤ ਨੋਟਿਸ ਲਿਆ। ਪੁਲਿਸ ਅਤੇ ਵਣ ਵਿਭਾਗ ਦੀਆਂ ਟੀਮਾਂ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਚਾਰਾਂ ਵਾਹਨਾਂ ਨੂੰ ਜ਼ਬਤ ਕਰ ਲਿਆ। ਇਹ ਸੈਲਾਨੀ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਕਾਰਵਾਈ ਦੇ ਮੁੱਖ ਪਹਿਲੂ:

  • ਜੁਰਮਾਨਾ: ਚਾਰੇ ਵਾਹਨ ਮਾਲਕਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਗੱਡੀ ਜੁਰਮਾਨਾ ਭਰਨਾ ਪਿਆ, ਜਿਸ ਨਾਲ ਕੁੱਲ 2 ਲੱਖ ਰੁਪਏ ਦੀ ਵਸੂਲੀ ਹੋਈ।
  • ਕਾਨੂੰਨੀ ਉਲੰਘਣਾ: ਇਹ ਗਤੀਵਿਧੀਆਂ ‘ਵਣਜੀਵ ਸੰਰਖਿਆ ਐਕਟ, 1972’ (Wildlife Protection Act) ਦੀ ਸਿੱਧੀ ਉਲੰਘਣਾ ਹਨ।
  • ਜਾਂਚ: ਗੱਡੀਆਂ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਜੁਰਮਾਨਾ ਭਰਿਆ ਗਿਆ ਅਤੇ ਜਾਂਚ ਮੁਕੰਮਲ ਹੋਈ।

ਕਿਹੜੀਆਂ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ?
ਮਹਿਿੰਦਰਾ ਥਾਰ (23 ਜੂਨ): ਪੈਗੌਂਗ ਝੀਲ ਦੇ ਮੇਰਾਕ ਇਲਾਕੇ ਵਿੱਚ ਪਾਣੀ ਦੇ ਅੰਦਰ ਸਟੰਟ ਕਰਦੇ ਹੋਏ ਫੜੀ ਗਈ।

  • ਹੁੰਡਈ ਕ੍ਰੇਟਾ (21 ਜੂਨ): ਚਾਂਗਥਾਂਗ ਕੋਲਡ ਡੈਜ਼ਰਟ ਵਾਈਲਡਲਾਈਫ ਸੈਂਚੂਰੀ ਵਿੱਚ ਆਫ-ਰੋਡਿੰਗ ਕਰਦੇ ਹੋਏ ਚਾਂਗਲਾ ਪਾਸ ਕੋਲੋਂ ਫੜੀ ਗਈ
  • ਮਹਿਿੰਦਰਾ ਥਾਰ (20 ਜੂਨ): ਨੁਬਰਾ-ਸ਼ਯੋਕ ਵਾਈਲਡਲਾਈਫ ਸੈਂਚੂਰੀ ਦੀ ਨਦੀ ਵਿੱਚ ਗੱਡੀ ਚਲਾਉਂਦੇ ਹੋਏ
  • ਟੋਇਟਾ ਫਾਰਚੂਨਰ (17 ਜੂਨ): ਨੂਰਬੂ ਲਾ ਖੇਤਰ ਵਿੱਚ ਤਿੱਬਤੀ ਗਜ਼ੇਲ (Tibetan Gazelle) ਦਾ ਪਿੱਛਾ ਕਰਦੇ ਹੋਏ

ਪ੍ਰਸ਼ਾਸਨ ਦੀ ਸਖ਼ਤ ਚੇਤਾਵਨੀ
ਲੱਦਾਖ ਦੇ ਉਪ-ਰਾਜਪਾਲ ਨੇ ਸਪੱਸ਼ਟ ਕੀਤਾ ਹੈ ਕਿ ਲੱਦਾਖ ਸੈਲਾਨੀਆਂ ਦਾ ਸਵਾਗਤ ਕਰਦਾ ਹੈ, ਪਰ ਇੱਥੋਂ ਦੇ ਕੁਦਰਤੀ ਖਜ਼ਾਨੇ ਦਾ ਸਨਮਾਨ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਭਵਿੱਖ ਵਿੱਚ ਅਜਿਹੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।