ਹਰਿਆਣਾ: ਹਰਿਆਣਾ ਦੇ ਸਮਾਲਖਾ ਵਿੱਚ ਸ਼ੁੱਕਰਵਾਰ ਦੇਰ ਰਾਤ ਪੁਲਿਸ ਦੀ ਦੋ ਬਦਮਾਸ਼ਾਂ ਨਾਲ ਮੁੱਠਭੇੜ ਹੋ ਗਈ। ਜਾਣਕਾਰੀ ਦਿੰਦੇ ਹੋਏ ਪਾਣੀਪਤ ਦੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਇਹ ਮੁੱਠਭੇੜ ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਉਸ ਸਮੇਂ ਹੋਇਆ, ਜਦੋਂ ਦੋਵੇਂ ਬਦਮਾਸ਼ ਦਿੱਲੀ ਵੱਲ ਜਾ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਤਿੰਨ ਲੋਕ ਮੌਜੂਦ ਸਨ ਪਰ ਤੀਜਾ ਬਦਮਾਸ਼ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਦੋਵਾਂ ਨੂੰ ਇਲਾਜ ਲਈ ਪਾਣੀਪਤ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਇਕ ਦੀ ਮੌਤ ਹੋ ਗਈ। ਮ੍ਰਿਤਕ ਗੈਂਗਸਟਰ ਦੀ ਪਛਾਣ ਰਾਕੇਸ਼ ਉਰਫ਼ ਰਾਕਾ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੱਸ ਦੇਈਏ ਕਿ ਰਾਕਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਸ਼ਾਰਪ ਸ਼ੂਟਰ ਗੈਂਗਸਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਸੀ। ਇੱਕ ਹੋਰ ਗੈਂਗਸਟਰ ਸੋਨੂੰ ਉਰਫ਼ ਪ੍ਰਵੀਨ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ।
