ਪਠਾਨਕੋਟ: ਪਠਾਨਕੋਟ ਦੀ ਪਵਿੱਤਰ ਧਰਤੀ ‘ਤੇ ਬੀਤੀ ਸ਼ਾਮ ਇੱਕ ਵਿਸ਼ਾਲ ਅਤੇ ਭਗਤੀਮਈ ਸਮਾਗਮ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਲ” ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਧਾਰਮਿਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਦੇ ਸਨਮੁੱਖ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੀ ਸੰਗਤ, ਮਿਲਿਆ ਅਥਾਹ ਪਿਆਰ
ਇਸ ਸਮਾਗਮ ਵਿੱਚ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। CM ਭਗਵੰਤ ਮਾਨ ਨੇ ਕਿਹਾ ਕਿ ਪਠਾਨਕੋਟ ਦੀ ਇਸ ਪਵਿੱਤਰ ਧਰਤੀ ‘ਤੇ ਇਸ ਅਲੌਕਿਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਕਿਹਾ ਕਿ, “ਇੰਨੀ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਦਾ ਅਥਾਹ ਪਿਆਰ ਅਤੇ ਆਸ਼ੀਰਵਾਦ ਮਨ ਨੂੰ ਇੱਕ ਅਦਭੁੱਤ ਸ਼ਾਂਤੀ ਪ੍ਰਦਾਨ ਕਰਦਾ ਹੈ। ਇਹ ਪਿਆਰ ਹੀ ਹੈ ਜੋ ਸਾਨੂੰ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਹੋਰ ਤਾਕਤ ਬਖਸ਼ਦਾ ਹੈ।”
ਗੁਰੂਆਂ-ਪੀਰਾਂ ਦੀ ਧਰਤੀ ਦਾ ਦਿੱਤਾ ਹਵਾਲਾ
ਸਮਾਗਮ ਦੌਰਾਨ ਪੰਜਾਬ ਦੇ ਅਮੀਰ ਅਤੇ ਧਰਮ-ਨਿਰਪੱਖ ਵਿਰਸੇ ਦੀ ਗੱਲ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਪੰਜਾਬ ਹਮੇਸ਼ਾ ਤੋਂ ਹੀ ਭਾਈਚਾਰਕ ਸਾਂਝ ਦੀ ਮਿਸਾਲ ਰਿਹਾ ਹੈ। ਬੁਲਾਰਿਆਂ ਨੇ ਕਿਹਾ, “ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਇਸ ਧਰਤੀ ‘ਤੇ ਹਮੇਸ਼ਾ ਪਿਆਰ, ਆਪਸੀ ਭਾਈਚਾਰਾ ਅਤੇ ਏਕਤਾ ਹੀ ਪ੍ਰਫੁੱਲਤ ਹੁੰਦੀ ਹੈ। ਇਹੋ ਜਿਹੇ ਧਾਰਮਿਕ ਸਮਾਗਮ ਸਾਡੇ ਸਮਾਜ ਵਿੱਚ ਸਦਭਾਵਨਾ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਕਰਦੇ ਹਨ।”
‘ਰੰਗਲੇ ਪੰਜਾਬ’ ਦੀ ਸਿਰਜਣਾ ਲਈ ਸਾਂਝਾ ਹੋਕਾ
ਸਮਾਗਮ ਦੇ ਅੰਤ ਵਿੱਚ ਸੂਬੇ ਦੇ ਵਿਕਾਸ ਅਤੇ ਸੁਨਹਿਰੀ ਭਵਿੱਖ ਲਈ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ ਗਿਆ। ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ, “ਆਓ, ਸਾਰੇ ਰਲ-ਮਿਲ ਕੇ ਵਿਕਾਸ ਅਤੇ ਖੁਸ਼ਹਾਲੀ ਵਾਲੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ,” ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਤਰੱਕੀਪਸੰਦ ਅਤੇ ਸ਼ਾਂਤਮਈ ਪੰਜਾਬ ਦਿੱਤਾ ਜਾ ਸਕੇ।
ਇਸ ਦੌਰਾਨ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਸ਼ਿਵ-ਮਈ ਬਣਿਆ ਰਿਹਾ ਅਤੇ ਪੂਰੇ ਪੰਡਾਲ ਵਿੱਚ ਸ਼ਰਧਾ ਅਤੇ ਉਤਸ਼ਾਹ ਦੀ ਲਹਿਰ ਦੇਖਣ ਨੂੰ ਮਿਲੀ।
