‘ਮਨ ਕੀ ਬਾਤ’: PM ਮੋਦੀ ਨੇ T20 ਵਿਸ਼ਵ ਕੱਪ ‘ਚ ਕੈਨੇਡਾ ਤੇ USA ਵੱਲੋਂ ਖੇਡ ਰਹੇ ਪੰਜਾਬੀ ਖਿਡਾਰੀਆਂ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਚੱਲ ਰਹੇ ICC ਪੁਰਸ਼ ਟੀ-20 ਵਿਸ਼ਵ ਕੱਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਖਿਡਾਰੀਆਂ ਦੀ ਖਾਸ ਤੌਰ ‘ਤੇ ਤਾਰੀਫ਼ ਕੀਤੀ ਹੈ, ਜੋ ਭਾਰਤੀ ਮੂਲ ਦੇ ਹੋਣ ਦੇ ਬਾਵਜੂਦ ਦੂਜੇ ਦੇਸ਼ਾਂ ਦੀਆਂ ਟੀਮਾਂ ਵੱਲੋਂ ਖੇਡ ਕੇ ਨਾਮ ਕਮਾ ਰਹੇ ਹਨ। PM ਮੋਦੀ ਨੇ ਕਿਹਾ ਕਿ ਇਹ ਖਿਡਾਰੀ ਜਿੱਥੇ ਵੀ ਰਹਿ ਰਹੇ ਹਨ, ਆਪਣੀ ਮਾਤਭੂਮੀ ਨਾਲ ਜੁੜੇ ਹੋਏ ਹਨ ਅਤੇ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਾ ਰਹੇ ਹਨ

ਕੈਨੇਡਾ, ਅਮਰੀਕਾ ਅਤੇ ਓਮਾਨ ਦੀਆਂ ਟੀਮਾਂ ‘ਚ ਭਾਰਤੀਆਂ ਦਾ ਦਬਦਬਾ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕੈਨੇਡਾ, ਅਮਰੀਕਾ ਅਤੇ ਓਮਾਨ ਵਰਗੇ ਦੇਸ਼ਾਂ ਦੀਆਂ ਟੀਮਾਂ ਵਿੱਚ ਖੇਡ ਰਹੇ ਭਾਰਤੀ ਖਿਡਾਰੀਆਂ ਦੇ ਨਾਮ ਲਏ:

ਕੈਨੇਡਾ ਦੀ ਟੀਮ: ਪੀਐਮ ਮੋਦੀ ਨੇ ਦੱਸਿਆ ਕਿ ਕੈਨੇਡਾ ਦੀ ਟੀਮ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਉਨ੍ਹਾਂ ਨੇ ਕਪਤਾਨ ਦਿਲਪ੍ਰੀਤ ਬਾਜਵਾ (ਗੁਰਦਾਸਪੁਰ, ਪੰਜਾਬ) ਅਤੇ ਨਵਨੀਤ ਧਾਲੀਵਾਲ (ਚੰਡੀਗੜ੍ਹ) ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਹਰਸ਼ ਠਾਕਰ ਅਤੇ ਸ਼੍ਰੇਅਸ ਮੋਵਾ ਵਰਗੇ ਖਿਡਾਰੀ ਵੀ ਕੈਨੇਡਾ ਦਾ ਮਾਣ ਵਧਾ ਰਹੇ ਹਨ।

ਅਮਰੀਕਾ (USA) ਦੀ ਟੀਮ: ਅਮਰੀਕੀ ਕਪਤਾਨ ਮੋਨਾਂਕ ਪਟੇਲ ਨੇ ਗੁਜਰਾਤ ਦੀ ਅੰਡਰ-16 ਅਤੇ 18 ਟੀਮਾਂ ਲਈ ਕ੍ਰਿਕਟ ਖੇਡੀ ਹੈ। ਮੁੰਬਈ ਦੇ ਸੌਰਭ ਨੇਤਰਾਵਲਕਰ, ਹਰਮੀਤ ਸਿੰਘ ਅਤੇ ਦਿੱਲੀ ਦੇ ਮਿਲਿੰਦ ਕੁਮਾਰ ਵੀ ਅਮਰੀਕੀ ਟੀਮ ਦਾ ਅਹਿਮ ਹਿੱਸਾ ਹਨ।

ਓਮਾਨ ਦੀ ਟੀਮ: ਓਮਾਨ ਵੱਲੋਂ ਖੇਡ ਰਹੇ ਜਤਿੰਦਰ ਸਿੰਘ, ਵਿਨਾਇਕ ਸ਼ੁਕਲਾ, ਕਰਨ ਸੋਨਾਵਾਲੇ, ਜੈ ਓਡੇਦਰਾ ਅਤੇ ਅਸ਼ੀਸ਼ ਓਡੇਦਰਾ ਵਰਗੇ ਖਿਡਾਰੀ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧ ਰੱਖਦੇ ਹਨ

“ਜਰਸੀ ਕਿਸੇ ਵੀ ਦੇਸ਼ ਦੀ ਹੋਵੇ, ਨਾਮ ਸੁਣ ਕੇ ਖੁਸ਼ੀ ਹੁੰਦੀ ਹੈ”
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਸਾਨੂੰ ਜੋੜਦੀਆਂ ਹਨ। ਉਨ੍ਹਾਂ ਕਿਹਾ:

“ਜਦੋਂ ਤੁਸੀਂ ਮੈਚ ਦੇਖ ਰਹੇ ਹੁੰਦੇ ਹੋ, ਤਾਂ ਤੁਹਾਡੀ ਨਜ਼ਰ ਕਿਸੇ ਖਾਸ ਖਿਡਾਰੀ ‘ਤੇ ਟਿਕ ਜਾਂਦੀ ਹੈ। ਜਰਸੀ ਭਾਵੇਂ ਕਿਸੇ ਹੋਰ ਦੇਸ਼ ਦੀ ਹੋਵੇ, ਪਰ ਜਦੋਂ ਤੁਸੀਂ ਉਨ੍ਹਾਂ ਦਾ ਨਾਮ ਸੁਣਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਾਡੇ ਆਪਣੇ ਦੇਸ਼ ਦਾ ਹੈ। ਇਹ ਪਲ ਇੱਕ ਵੱਖਰੀ ਖੁਸ਼ੀ ਦਿੰਦੇ ਹਨ।”

ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਨਿਊਜ਼ੀਲੈਂਡ, ਯੂਏਈ ਅਤੇ ਇਟਲੀ ਦੀਆਂ ਟੀਮਾਂ ਵਿੱਚ ਵੀ ਭਾਰਤੀ ਮੂਲ ਦੇ ਖਿਡਾਰੀ ਆਪਣੀ ਜਗ੍ਹਾ ਬਣਾ ਰਹੇ ਹਨ। ਉਨ੍ਹਾਂ ਮੁਤਾਬਕ ਭਾਰਤੀਆਂ ਦੀ ਇਹ ਖਾਸੀਅਤ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਅਤੇ ਆਪਣੇ ਕੰਮ ਰਾਹੀਂ ਉਸ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ।

ਛੋਟੀਆਂ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ
ਹਾਲਾਂਕਿ ਅਮਰੀਕਾ, ਕੈਨੇਡਾ ਅਤੇ ਓਮਾਨ ਦੀਆਂ ਟੀਮਾਂ ਸੁਪਰ-8 ਪੜਾਅ ਲਈ ਕੁਆਲੀਫਾਈ ਨਹੀਂ ਕਰ ਸਕੀਆਂ, ਪਰ ਉਨ੍ਹਾਂ ਨੇ ਦੁਨੀਆ ਦੀਆਂ ਵੱਡੀਆਂ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ।

ਅਮਰੀਕਾ ਨੇ ਆਪਣੇ 4 ਵਿੱਚੋਂ 2 ਮੈਚ ਜਿੱਤੇ। ਕੈਨੇਡਾ ਅਤੇ ਓਮਾਨ ਨੇ ਭਾਵੇਂ ਕੋਈ ਮੈਚ ਨਹੀਂ ਜਿੱਤਿਆ, ਪਰ ਉਨ੍ਹਾਂ ਦੀ ਖੇਡ ਦੀ ਕਾਫੀ ਸ਼ਲਾਘਾ ਹੋਈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਇਹ ਖਿਡਾਰੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ ਅਤੇ ਭਾਰਤੀ ਹੋਣ ਦਾ ਮਾਣ ਦੁਨੀਆ ਭਰ ਵਿੱਚ ਫੈਲਾ ਰਹੇ