ਚੰਡੀਗੜ੍ਹ: ਪੰਜਾਬ ਸਰਕਾਰ ਸਿਹਤ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਚੁੱਕਣ ਜਾ ਰਹੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ 15 ਜਨਵਰੀ ਤੋਂ ਸੂਬੇ ਵਿੱਚ 10 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਮੈਗਾ ਸਕੀਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਂਝੇ ਤੌਰ ‘ਤੇ ਕਰਨਗੇ
3 ਕਰੋੜ ਪੰਜਾਬੀਆਂ ਨੂੰ ਮਿਲੇਗਾ ਸਿੱਧਾ ਲਾਭ
ਸਿਹਤ ਮੰਤਰੀ ਅਨੁਸਾਰ, ਇਹ ਯੋਜਨਾ ਪੰਜਾਬ ਦੇ ਹਰ ਨਾਗਰਿਕ ਲਈ ਹੋਵੇਗੀ। ਇਸ ਤਹਿਤ ਲਗਭਗ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਗੁੰਝਲਦਾਰ ਸ਼ਰਤਾਂ ਨਹੀਂ ਰੱਖੀਆਂ ਗਈਆਂ
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਕੌਣ ਹੋਵੇਗਾ ਯੋਗ: ਪੰਜਾਬ ਦਾ ਵੋਟਰ ਕਾਰਡ ਜਾਂ ਆਧਾਰ ਕਾਰਡ ਰੱਖਣ ਵਾਲਾ ਹਰ ਵਿਅਕਤੀ
ਕਿਹੜੇ ਲੋਕ ਸ਼ਾਮਲ: ਆਮ ਨਾਗਰਿਕਾਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਵੀ ਇਸ ਦਾ ਲਾਭ ਲੈ ਸਕਣਗੇ
ਕਿੱਥੇ ਬਣਨਗੇ ਕਾਰਡ: ਸੂਬੇ ਭਰ ਵਿੱਚ 9,000 ਤੋਂ ਵੱਧ ਕਾਮਨ ਸਰਵਿਸ ਸੈਂਟਰਾਂ (CSC) ‘ਤੇ ਕਾਰਡ ਬਣਾਏ ਜਾਣਗੇ
ਸਮਾਂ ਸੀਮਾ: ਅਗਲੇ 4 ਮਹੀਨਿਆਂ ਦੇ ਅੰਦਰ ਪੂਰੇ ਪੰਜਾਬ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਉਣ ਦਾ ਟੀਚਾ ਹੈ
“ਸਾਡਾ ਮਕਸਦ ਹਰ ਪੰਜਾਬੀ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਹੈ। ਜਿਵੇਂ ਹੀ ਤੁਹਾਡੀ Enrollment ਹੋ ਜਾਵੇਗੀ, ਤੁਸੀਂ ਇਲਾਜ ਦੇ ਯੋਗ ਹੋ ਜਾਵੋਗੇ। ਕਾਰਡ ਬਣ ਕੇ ਆਉਣ ਵਿੱਚ ਸਿਰਫ਼ 10 ਤੋਂ 15 ਦਿਨ ਲੱਗਣਗੇ।” — ਬਲਬੀਰ ਸਿੰਘ, ਸਿਹਤ ਮੰਤਰੀ
ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ
ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਪਿੰਡ-ਪਿੰਡ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਹੁਣ ਦੂਜੇ ਰਾਜ ਅਤੇ ਵਿਦੇਸ਼ ਵੀ ਪੰਜਾਬ ਦੇ ਸਿਹਤ ਮਾਡਲ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹੁਣ ਤੱਕ ਲਗਭਗ 4.59 ਕਰੋੜ ਲੋਕ ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਦਵਾਈਆਂ ਅਤੇ ਟੈਸਟਾਂ ਦਾ ਲਾਭ ਲੈ ਚੁੱਕੇ ਹਨ।
ਕਿਵੇਂ ਕਰੀਏ ਅਪਲਾਈ?
ਜੇਕਰ ਤੁਸੀਂ ਪੰਜਾਬ ਦੇ ਪੱਕੇ ਨਿਵਾਸੀ ਹੋ, ਤਾਂ ਤੁਹਾਨੂੰ ਸਿਰਫ਼ ਆਪਣਾ ਆਧਾਰ ਕਾਰਡ ਜਾਂ ਵੋਟਰ ਆਈਡੀ ਲੈ ਕੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਜਾਂ ਸਰਕਾਰੀ ਕੈਂਪ ਵਿੱਚ ਜਾਣਾ ਹੋਵੇਗਾ। ਰਜਿਸਟ੍ਰੇਸ਼ਨ ਹੁੰਦੇ ਹੀ ਤੁਸੀਂ 10 ਲੱਖ ਤੱਕ ਦੇ ਮੁਫ਼ਤ ਇਲਾਜ ਲਈ ਸੂਚੀਬੱਧ ਹੋ ਜਾਵੋਗੇ

