ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਰਕਾਰੀ ਸਕੂਲਾਂ ਦਾ ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਵੱਡੇ ਦਾਅਵੇ ਕੀਤੇ ਹਨ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਿੱਖਿਆ ਖੇਤਰ ਵਿੱਚ 2,300 ਕਰੋੜ ਰੁਪਏ ਦਾ ਭਾਰੀ ਨਿਵੇਸ਼ ਕੀਤਾ ਹੈ, ਜਿਸ ਨਾਲ ਸਕੂਲੀ ਢਾਂਚੇ ਦੀ ਕਾਇਆ-ਕਲਪ ਹੋਈ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਨੀਤੀ ਆਯੋਗ ਦੀ ਸਾਲ 2026-27 ਦੀ ਰਿਪੋਰਟ ਵਿੱਚ ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਸਕੂਲੀ ਸਿੱਖਿਆ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਮੁਤਾਬਕ ਸਾਲ 2022 ਤੋਂ ਲੈ ਕੇ ਹੁਣ ਤੱਕ ਲਗਭਗ 3.64 ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਹਨ, ਜੋ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਲੋਕਾਂ ਦੇ ਵਧਦੇ ਭਰੋਸੇ ਦਾ ਪ੍ਰਤੀਕ ਹੈ।
ਪੁਰਾਣੀਆਂ ਸਰਕਾਰਾਂ ਨੂੰ ਘੇਰਦਿਆਂ ਸ. ਬੈਂਸ ਨੇ ਕਿਹਾ ਕਿ ਸੱਤਾ ਸੰਭਾਲਣ ਵੇਲੇ ਉਨ੍ਹਾਂ ਨੂੰ ਖ਼ਸਤਾ ਹਾਲਤ ਸਿੱਖਿਆ ਪ੍ਰਣਾਲੀ ਮਿਲੀ ਸੀ ਜਿੱਥੇ ਹਜ਼ਾਰਾਂ ਸਕੂਲਾਂ ਦੀਆਂ ਚਾਰਦੀਵਾਰੀਆਂ ਨਹੀਂ ਸਨ, 5,000 ਤੋਂ ਵੱਧ ਸਕੂਲਾਂ ਵਿੱਚ ਪਖਾਨੇ ਵਰਤੋਂ-ਯੋਗ ਨਹੀਂ ਸਨ ਅਤੇ ਲਗਭਗ 4 ਲੱਖ ਬੱਚੇ ਜ਼ਮੀਨ ‘ਤੇ ਬੈਠਣ ਲਈ ਮਜਬੂਰ ਸਨ।
ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ 13,920 ਨਵੇਂ ਪਖਾਨੇ ਬਣਾਏ ਗਏ ਹਨ ਅਤੇ ਬੱਚਿਆਂ ਦੇ ਬੈਠਣ ਲਈ 2 ਲੱਖ ਨਵੇਂ ਬੈਂਚ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕੋਈ ਵੀ ਵਿਦਿਆਰਥੀ ਫ਼ਰਸ਼ ‘ਤੇ ਨਾ ਬੈਠੇ। ਇਸ ਤੋਂ ਇਲਾਵਾ 9,000 ਤੋਂ ਵੱਧ ਨਵੇਂ ਕਲਾਸਰੂਮ ਅਤੇ ਲੈਬਾਂ ਤਿਆਰ ਕੀਤੀਆਂ ਗਈਆਂ ਹਨ, ਜਦਕਿ ਕਲਾਸਰੂਮਾਂ ਵਿੱਚ 10,000 ਤੋਂ ਵੱਧ ਇੰਟਰਐਕਟਿਵ ਪੈਨਲ ਲਗਾਏ ਗਏ ਹਨ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੇ 5,012 ਸਕੂਲਾਂ ਨੂੰ ਆਧੁਨਿਕ ਕੰਪਿਊਟਰ ਲੈਬਾਂ ਨਾਲ ਅਪਗ੍ਰੇਡ ਕੀਤਾ ਗਿਆ ਹੈ ਅਤੇ ਸਾਰੇ ਸਰਕਾਰੀ ਸਕੂਲਾਂ ਨੂੰ ਮੁਫ਼ਤ ਵਾਈ-ਫਾਈ ਨਾਲ ਜੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 99.9 ਫੀਸਦ ਸਕੂਲਾਂ ਦੀਆਂ ਚਾਰਦੀਵਾਰੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਹਰ ਬੱਚੇ ਨੂੰ ਮਿਆਰੀ ਅਤੇ ਉੱਚ-ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਰੌਸ਼ਨ ਹੋ ਸਕੇ।
