ਅੰਮ੍ਰਿਤਸਰ ਵਿੱਚ ਨਸ਼ਾ ਰੋਕਣ ‘ਤੇ ਪੰਜਾਬ ਪੁਲਿਸ ਮੁਲਾਜ਼ਮ ਦੇ ਘਰ ‘ਤੇ ਹਮਲਾ

ਅੰਮ੍ਰਿਤਸਰ ਦੇ ਪਿੰਡ ਫਤਿਹਪੁਰ (ਬਾਬਾ ਜੀਵਨ ਸਿੰਘ ਕਲੋਨੀ) ਤੋਂ ਕਾਨੂੰਨ-ਵਿਵਸਥਾ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਸ਼ਾ ਕਰਨ ਤੋਂ ਰੋਕਣ ਵਾਲੇ ਇੱਕ ਪੰਜਾਬ ਪੁਲਿਸ ਮੁਲਾਜ਼ਮ ਦੇ ਘਰ ‘ਤੇ 15 ਤੋਂ 20 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ‘ਤੇ ਪੱਥਰਬਾਜ਼ੀ ਕੀਤੀ ਅਤੇ ਘਰ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ, ਜਿਸ ਕਾਰਨ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਨਸ਼ਾ ਕਰਨ ਤੋਂ ਟੋਕਣਾ ਪਿਆ ਭਾਰੀ

ਜ਼ਖ਼ਮੀ ਪੰਜਾਬ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੇ ਹਸਪਤਾਲ ਵਿੱਚ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਕੁਝ ਨੌਜਵਾਨ ਅਕਸਰ ਸ਼ਰਾਬ ਅਤੇ ਹੋਰ ਨਸ਼ੇ ਕਰਦੇ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਅਤੇ ਆਉਣ-ਜਾਣ ਵਾਲੀਆਂ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਗਗਨਦੀਪ ਸਿੰਘ ਨੇ ਉਨ੍ਹਾਂ ਨੂੰ ਉੱਥੋਂ ਹਟਣ ਅਤੇ ਅਜਿਹੀਆਂ ਹਰਕਤਾਂ ਨਾ ਕਰਨ ਲਈ ਕਿਹਾ, ਤਾਂ ਉਹ ਇੱਕ ਵਾਰ ਤਾਂ ਚਲੇ ਗਏ, ਪਰ ਕੁਝ ਸਮੇਂ ਬਾਅਦ ਉਹ ਵੱਡੀ ਗਿਣਤੀ ਵਿੱਚ ਵਾਪਸ ਆਏ ਅਤੇ ਸਿੱਧਾ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ।

ਇੱਟਾਂ-ਰੋੜਿਆਂ ਨਾਲ ਹਮਲਾ ਅਤੇ ਭੰਨਤੋੜ

ਪੀੜਤ ਮੁਲਾਜ਼ਮ ਦੇ ਅਨੁਸਾਰ, ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਇੱਟਾਂ ਅਤੇ ਰੋੜੇ ਮਾਰੇ, ਜਿਸ ਨਾਲ ਉਨ੍ਹਾਂ ਦੇ ਸਿਰ ਅਤੇ ਗੋਡੇ ‘ਤੇ ਗੰਭੀਰ ਸੱਟਾਂ ਲੱਗੀਆਂ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਮਲੇ ਦੌਰਾਨ ਦਸਤਾਰ ਦੀ ਬੇਅਦਬੀ ਕੀਤੀ ਗਈ ਅਤੇ ਘਰ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪੀੜਤ ਪਰਿਵਾਰ ਦਾ ਦੁੱਖ ਅਤੇ ਸੁਰੱਖਿਆ ‘ਤੇ ਸਵਾਲ

ਜ਼ਖ਼ਮੀ ਮੁਲਾਜ਼ਮ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਹਮਲਾਵਰਾਂ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਦੇ ਪਤੀ ਪੰਜਾਬ ਪੁਲਿਸ ਵਿੱਚ ਤਾਇਨਾਤ ਹਨ, ਫਿਰ ਵੀ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਘਰ ‘ਤੇ ਹਮਲਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਘਰ ਵਿੱਚ ਮਹਿਲਾਵਾਂ ਵੀ ਮੌਜੂਦ ਸਨ ਅਤੇ ਇਸ ਹਮਲੇ ਕਾਰਨ ਸਾਰਾ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ। ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਫ਼ੌਜ ਤੋਂ ਬਾਅਦ ਪੁਲਿਸ ਵਿੱਚ ਦੇ ਰਹੇ ਨੇ ਸੇਵਾਵਾਂ

ਜ਼ਖ਼ਮੀ ਮੁਲਾਜ਼ਮ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪਹਿਲਾਂ ਭਾਰਤੀ ਫ਼ੌਜ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ ਅਤੇ ਹੁਣ ਪੰਜਾਬ ਪੁਲਿਸ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਨਾ ਸਿਰਫ਼ ਪੱਥਰਬਾਜ਼ੀ ਕੀਤੀ, ਸਗੋਂ ਪਰਿਵਾਰਕ ਮੈਂਬਰਾਂ ਨਾਲ ਧੱਕਾਮੁੱਕੀ ਅਤੇ ਗਾਲੀ-ਗਲੋਚ ਵੀ ਕੀਤੀ।