ਲੰਡਨ: ਵਿਦੇਸ਼ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੇ ਲੰਡਨ ਸ਼ਹਿਰ ਵਿੱਚ 26 ਸਾਲਾ ਪੰਜਾਬਣ ਮੁਟਿਆਰ ਨਵਨੀਤ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ, ਪੱਛਮੀ ਲੰਡਨ ਦੇ ਹਾਊਂਸਲੋ ਇਲਾਕੇ ਵਿੱਚ ਚੈਰਟਸੀ ਰੋਡ ਸਥਿਤ ਇੱਕ ਘਰ ਵਿੱਚੋਂ ਨਵਨੀਤ ਕੌਰ ਦੀ ਲਾਸ਼ ਬਰਾਮਦ ਹੋਈ ਸੀ। 4 ਨਵੰਬਰ ਨੂੰ ਪੁਲਸ ਟੀਮ ਵੱਲੋਂ ਵੈਲਫੇਅਰ ਚੈੱਕ ਦੇ ਮਕਸਦ ਨਾਲ ਘਰ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਮੁਟਿਆਰ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਮਿਲੀ, ਪਰ ਸੱਟਾਂ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।
ਇਸ ਮਾਮਲੇ ਵਿੱਚ ਭਾਰਤੀ ਮੂਲ ਦੇ ਰਜਤ ਜਸਵੈਲ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਉਸ ਵਿਰੁੱਧ ਕਤਲ ਅਤੇ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਸੋਮਵਾਰ ਨੂੰ ਉਸ ਨੂੰ ਹੈਂਡਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੀ ਮੈਟਰੋਪੋਲੀਟਨ ਪੁਲਸ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਸਾਰਾਹ ਲੀ ਨੇ ਨਵਨੀਤ ਕੌਰ ਦੇ ਪਰਿਵਾਰ ਅਤੇ ਕਰੀਬੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਕਾਰਨ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਇੱਕ ਵਿਅਕਤੀ ਵਿਰੁੱਧ ਦੋਸ਼ ਲਗਾਏ ਗਏ ਹਨ, ਪਰ ਪੁਲਸ ਦੀ ਜਾਂਚ ਅਜੇ ਜਾਰੀ ਹੈ।
ਪੁਲਸ ਨੇ ਲੋਕਾਂ ਨੂੰ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਖ਼ਾਸ ਤੌਰ ‘ਤੇ ਚੈਰਟਸੀ ਰੋਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਡੋਰਬੈੱਲ ਕੈਮਰਿਆਂ ਜਾਂ ਵਾਹਨਾਂ ਦੇ ਡੈਸ਼ਕੈਮ ਦੀ ਫੁਟੇਜ ਰੱਖਣ ਵਾਲੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ।
ਪੁਲਸ ਅਨੁਸਾਰ ਨਵਨੀਤ ਕੌਰ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਅਧਿਕਾਰੀ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ।
