ਨਵੀਂ ਮੁੰਬਈ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 2 ਦਿਨਾ ਰਾਜ ਪੱਧਰੀ ਸਮਾਗਮ ‘ਹਿੰਦ ਦੀ ਚਾਦਰ’ ਸ਼ਨੀਵਾਰ ਨੂੰ ਨਵੀਂ ਮੁੰਬਈ ਦੇ ਖਾਰਘਰ ਸਥਿਤ ਓਵੇ ਗਰਾਊਂਡ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਇਸ ਵਿਸ਼ੇਸ਼ ਸਮਾਗਮ ਦੀ ਮੇਜ਼ਬਾਨੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਧੁੰਮਾ ਵੱਲੋਂ ਕੀਤੀ ਗਈ
ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਸਿੱਖ ਅਤੇ ਸਨਾਤਨ ਭਾਈਚਾਰੇ ਨੇ ਇੱਕੋ ਮੰਚ ‘ਤੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ।
ਇਸ ਮੌਕੇ ਯੋਗ ਗੁਰੂ ਬਾਬਾ ਰਾਮਦੇਵ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਦਾ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸਨਮਾਨ ਕੀਤਾ ਗਿਆ। ਬਾਬਾ ਰਾਮਦੇਵ ਨੇ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰੱਖਿਆ ਕੀਤੀ, ਜਿਸ ਨੂੰ ਹਰ ਰੋਜ਼ ਯਾਦ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਗਤਾਂ ਨੂੰ ਵਰਚੁਅਲ ਤੌਰ ‘ਤੇ ਸੰਬੋਧਨ ਕਰਨ ਦੀ ਉਮੀਦ ਹੈ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋ ਸਕਦੇ ਹਨ
ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਬਿਆਨ
ਬਾਬਾ ਹਰਨਾਮ ਸਿੰਘ ਨੇ ਮਹਾਰਾਸ਼ਟਰ ਸਰਕਾਰ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਮਹਾਰਾਸ਼ਟਰ ਦੇ ਬੱਚੇ-ਬੱਚੇ ਤੱਕ ਗੁਰੂ ਸਾਹਿਬ ਦੀ ਬਹਾਦਰੀ ਦਾ ਸੰਦੇਸ਼ ਪਹੁੰਚਾਇਆ ਹੈ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਈਚਾਰਿਆਂ ਵਿੱਚ ਦੂਰੀਆਂ ਪੈਦਾ ਕੀਤੀਆਂ ਸਨ, ਪਰ ਅੱਜ ਸਭ ਇਕਜੁੱਟ ਹਨ।
“ਇਹ ਮਹਾਰਾਸ਼ਟਰ ਵਿੱਚ ਇੱਕ ਇਤਿਹਾਸਕ ਪਲ ਹੈ ਜਿੱਥੇ ਲੁਬਾਣਾ, ਸਿੰਧੀ, ਵਣਜਾਰਾ, ਸਿਕਲੀਗਰ ਅਤੇ ਹੋਰ ਕਈ ਸੰਪਰਦਾਵਾਂ ਨੇ ਮਿਲ ਕੇ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਫਲ ਬਣਾਇਆ ਹੈ।” — ਬਾਬਾ ਹਰਨਾਮ ਸਿੰਘ ਧੁੰਮਾ



