ਪੁਤਿਨ ਕੱਲ ਭਾਰਤ ਪਹੁੰਚਣਗੇ, PM ਮੋਦੀ ਨੂੰ ਕਦੋਂ ਮਿਲਣਗੇ? ਇੱਥੇ ਜਾਣੋ ਪੂਰਾ ਸ਼ਡਿਊਲ

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀਰਵਾਰ, 4 ਦਸੰਬਰ ਨੂੰ ਭਾਰਤ ਦੇ 2 ਦਿਨਾਂ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੇ ਆਗਮਨ ਤੋਂ ਪਹਿਲਾਂ ਦਿੱਲੀ ਵਿੱਚ ਸੁਰੱਖਿਆ ਹਾਈ ਅਲਰਟ ‘ਤੇ ਹੈ। ਭਾਰਤ ਅਤੇ ਰੂਸ ਦੀਆਂ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਦਿੱਲੀ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਹੈ

ਪੁਤਿਨ ਦੇ ਭਾਰਤ ਦੌਰੇ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ, ਜਿਸ ਦੀ ਮੁੱਖ ਵਜ੍ਹਾ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਅਹਿਮ ਡਿਫੈਂਸ ਡੀਲ ਹੈ। ਇਸ ਸਮਝੌਤੇ ਤਹਿਤ, ਵਲਾਦੀਮੀਰ ਪੁਤਿਨ ਭਾਰਤ ਨੂੰ ਸਿਰਫ਼ ਹਥਿਆਰ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਬਣਾਉਣ ਦੀ ਪੂਰੀ ਤਕਨਾਲੋਜੀ ਵੀ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਨੂੰ ਹਥਿਆਰ ਤਾਂ ਮਿਲਣਗੇ ਹੀ, ਨਾਲ ਹੀ ਉਨ੍ਹਾਂ ਦੀ ਤਕਨੀਕ ਵੀ ਮਿਲੇਗੀ, ਜਿਸ ਨਾਲ ਭਾਰਤ ਇਨ੍ਹਾਂ ਹਥਿਆਰਾਂ ਨੂੰ ਆਪਣੇ ਦੇਸ਼ ਵਿੱਚ ਹੀ ਬਣਾ ਸਕੇਗਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਸ਼ਟਰਪਤੀ ਪੁਤਿਨ ਦੇ ਦੌਰੇ ਦਾ ਸੰਭਾਵਿਤ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:

4 ਦਸੰਬਰ (ਵੀਰਵਾਰ) : ਸ਼ਾਮ 7 ਵਜੇ ਤੱਕ ਆਗਮਨ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਾਮ 7 ਵਜੇ ਤੱਕ ਭਾਰਤ ਪਹੁੰਚਣ ਦੀ ਸੰਭਾਵਨਾ ਹੈ।

PM ਮੋਦੀ ਨਾਲ ਮੁਲਾਕਾਤ: ਉਹ ਵੀਰਵਾਰ ਨੂੰ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ

5 ਦਸੰਬਰ (ਸ਼ੁੱਕਰਵਾਰ) – ਮੁੱਖ ਪ੍ਰੋਗਰਾਮ


ਸਵੇਰੇ 9 ਵਜੇ: ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਰਸਮੀ ਸਵਾਗਤ (Ceremonial Reception) ਅਤੇ ਗਾਰਡ ਆਫ ਆਨਰ

ਸਵੇਰੇ 10 ਵਜੇ: ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ।

ਸਵੇਰੇ 11 ਵਜੇ: ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਕਾਰ 23ਵਾਂ ਭਾਰਤ-ਰੂਸ ਸਿਖਰ ਸੰਮੇਲਨ (Bilateral Talks) ਹੈਦਰਾਬਾਦ ਹਾਊਸ ਵਿੱਚ ਹੋਵੇਗਾ। ਇਸ ਦੌਰਾਨ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਣ ਦੀ ਉਮੀਦ ਹੈ।

ਦੁਪਹਿਰ 4 ਵਜੇ: ਦੋਵੇਂ ਆਗੂ ਭਾਰਤ-ਰੂਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਨਗੇ।

ਸ਼ਾਮ 7 ਵਜੇ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਪੁਤਿਨ ਦੇ ਸਨਮਾਨ ਵਿੱਚ ਸਟੇਟ ਦਾਅਵਤ (State Banquet)।

ਦੇਰ ਰਾਤ: ਰਾਸ਼ਟਰਪਤੀ ਪੁਤਿਨ ਭਾਰਤ ਤੋਂ ਰਵਾਨਾ ਹੋਣਗੇ