‘ਘਾਇਲ ਹਾਂ, ਇਸ ਲਈ ਘਾਤਕ ਹਾਂ’: ਰਾਘਵ ਚੱਢਾ ਦਾ AAP ਨੂੰ ਕਰਾਰਾ ਜਵਾਬ

ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਅਤੇ ਇਸ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਕਾਰ ਪੈਦਾ ਹੋਈ ਤਲਖ਼ੀ ਹੁਣ ਇੱਕ ਵੱਡੇ ਸਿਆਸੀ ਟਕਰਾਅ ਦਾ ਰੂਪ ਧਾਰਨ ਕਰ ਚੁੱਕੀ ਹੈ। ਪਾਰਟੀ ਵੱਲੋਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਚੱਢਾ ਨੇ ਹੁਣ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਦੋ ਦਿਨਾਂ ਵਿੱਚ ਦੋ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ

ਰਾਘਵ ਚੱਢਾ ਨੇ ਦੋ ਵੀਡੀਓ ਸੰਦੇਸ਼ ਜਾਰੀ ਕੀਤੇ ਹਨ—ਪਹਿਲਾ “ਆਮ ਆਦਮੀ” ਲਈ ਅਤੇ ਦੂਜਾ ਆਪਣੀ ਪਾਰਟੀ ਲਈ। ਉਨ੍ਹਾਂ ਕਿਹਾ, “ਮੇਰੇ ਖਿਲਾਫ ਇੱਕ ਸਕ੍ਰਿਪਟਿਡ ਮੁਹਿੰਮ ਚਲਾਈ ਜਾ ਰਹੀ ਹੈ। ਜੇਕਰ ਇੱਕ ਝੂਠ ਨੂੰ ਸੌ ਵਾਰ ਦੁਹਰਾਇਆ ਜਾਵੇ, ਤਾਂ ਲੋਕ ਉਸਨੂੰ ਸੱਚ ਮੰਨਣ ਲੱਗ ਜਾਂਦੇ ਹਨ, ਇਸ ਲਈ ਮੇਰਾ ਜਵਾਬ ਦੇਣਾ ਜ਼ਰੂਰੀ ਸੀ

ਪਾਰਟੀ ਦੇ 3 ਵੱਡੇ ਇਲਜ਼ਾਮ ਅਤੇ ਰਾਘਵ ਦਾ ਜਵਾਬ:

  1. ਵਾਕਆਊਟ ਨਾ ਕਰਨ ਦਾ ਇਲਜ਼ਾਮ
    ਪਾਰਟੀ ਦਾ ਦਾਅਵਾ ਹੈ ਕਿ ਜਦੋਂ ਵਿਰੋਧੀ ਧਿਰ ਸਦਨ ਵਿੱਚੋਂ ਵਾਕਆਊਟ ਕਰਦੀ ਹੈ, ਤਾਂ ਰਾਘਵ ਚੱਢਾ ਆਪਣੀ ਸੀਟ ‘ਤੇ ਬੈਠੇ ਰਹਿੰਦੇ ਹਨ।

ਰਾਘਵ ਦਾ ਜਵਾਬ: “ਇਹ ਸਰਾਸਰ ਝੂਠ ਹੈ। ਮੈਂ ਚੁਣੌਤੀ ਦਿੰਦਾ ਹਾਂ ਕਿ ਕੋਈ ਇੱਕ ਅਜਿਹਾ ਦਿਨ ਦਿਖਾਓ ਜਦੋਂ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਹੋਵੇ ਅਤੇ ਮੈਂ ਉਨ੍ਹਾਂ ਦੇ ਨਾਲ ਨਾ ਗਿਆ ਹੋਵਾਂ। ਸੰਸਦ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਫੁਟੇਜ ਕੱਢ ਕੇ ਦੇਖ ਲਓ, ਸੱਚਾਈ ਸਾਹਮਣੇ ਆ ਜਾਵੇਗੀ।”

  1. ਚੋਣ ਕਮਿਸ਼ਨਰ ਖਿਲਾਫ ਮਹਾਂਦੋਸ਼ ‘ਤੇ ਦਸਤਖਤ ਨਾ ਕਰਨਾ
    ਆਪ ਦਾ ਦੂਜਾ ਦੋਸ਼ ਹੈ ਕਿ ਚੱਢਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੇ ਮਤੇ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਰਾਘਵ ਦਾ ਜਵਾਬ: “ਮੈਨੂੰ ਪਾਰਟੀ ਦੇ ਕਿਸੇ ਵੀ ਆਗੂ ਨੇ ਇਸ ਮਤੇ ‘ਤੇ ਦਸਤਖਤ ਕਰਨ ਲਈ ਨਹੀਂ ਕਿਹਾ। ਰਾਜ ਸਭਾ ਵਿੱਚ ਸਾਡੇ 10 ਸਾਂਸਦ ਹਨ, ਜਿਨ੍ਹਾਂ ਵਿੱਚੋਂ 6-7 ਹੋਰਾਂ ਨੇ ਵੀ ਦਸਤਖਤ ਨਹੀਂ ਕੀਤੇ, ਫਿਰ ਸਾਰਾ ਦੋਸ਼ ਮੇਰੇ ਸਿਰ ਹੀ ਕਿਉਂ? ਇਸ ਮਤੇ ਲਈ ਸਿਰਫ 50 ਦਸਤਖਤ ਚਾਹੀਦੇ ਸਨ, ਜੋ 105 ਵਿਰੋਧੀ ਸਾਂਸਦਾਂ ਵਿੱਚੋਂ ਆਸਾਨੀ ਨਾਲ ਹੋ ਸਕਦੇ ਸਨ

  1. “ਡਰ ਗਏ ਹਨ ਰਾਘਵ ਚੱਢਾ”
    ਦਿੱਲੀ AAP ਦੇ ਮੁਖੀ ਸੌਰਭ ਭਾਰਦਵਾਜ ਨੇ ਚੱਢਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਅਹਿਮ ਮੁੱਦਿਆਂ ਦੀ ਬਜਾਏ ‘ਸੌਫਟ PR’ (ਨਿੱਜੀ ਪ੍ਰਚਾਰ) ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ, “ਜੋ ਡਰ ਗਿਆ ਸਮਝੋ ਮਰ ਗਿਆ।”

ਰਾਘਵ ਦਾ ਜਵਾਬ: ਰਾਘਵ ਨੇ ਸਪੱਸ਼ਟ ਕੀਤਾ ਕਿ ਉਹ ਸੰਸਦ ਵਿੱਚ ਹੰਗਾਮਾ ਕਰਨ, ਚੀਕਣ-ਚਿੱਲਾਉਣ ਜਾਂ ਮਾਈਕ ਤੋੜਨ ਨਹੀਂ ਜਾਂਦੇ। ਉਹ ਉੱਥੇ ਲੋਕਾਂ ਦੇ ਮੁੱਦੇ ਉਠਾਉਣ ਅਤੇ ਉਨ੍ਹਾਂ ਦੀ ਆਵਾਜ਼ ਬਣਨ ਲਈ ਜਾਂਦੇ ਹਨ

ਰਾਘਵ ਚੱਢਾ ਨੂੰ ਰਾਜ ਸਭਾ ਦੇ ਕੋਟੇ ਵਿੱਚੋਂ ਸਮਾਂ ਨਾ ਦੇਣ ਦਾ ਪਾਰਟੀ ਦਾ ਫੈਸਲਾ ਇਹ ਸੰਕੇਤ ਦਿੰਦਾ ਹੈ ਕਿ ਦੂਰੀਆਂ ਕਾਫੀ ਵਧ ਚੁੱਕੀਆਂ ਹਨ। ਰਾਘਵ ਦਾ ਇਹ ਕਹਿਣਾ ਕਿ “ਘਾਇਲ ਹਾਂ ਇਸ ਲਈ ਘਾਤਕ ਹਾਂ”, ਆਉਣ ਵਾਲੇ ਦਿਨਾਂ ਵਿੱਚ AAP ਦੇ ਅੰਦਰੂਨੀ ਕਲੇਸ਼ ਦੇ ਹੋਰ ਵਧਣ ਦਾ ਇਸ਼ਾਰਾ ਕਰ ਰਿਹਾ ਹੈ

ਰਾਘਵ ਚੱਢਾ ਨੇ ਪਾਰਟੀ ਦੇ ਸਾਰੇ ਦੋਸ਼ਾਂ ਨੂੰ ਤੱਥਾਂ ਦੇ ਆਧਾਰ ‘ਤੇ ਚੁਣੌਤੀ ਦਿੱਤੀ ਹੈ, ਜਦਕਿ ਪਾਰਟੀ ਉਨ੍ਹਾਂ ‘ਤੇ ਅਨੁਸ਼ਾਸਨਹੀਣਤਾ ਅਤੇ ਨਰਮ ਰੁਖ਼ ਅਖਤਿਆਰ ਕਰਨ ਦੇ ਇਲਜ਼ਾਮ ਲਗਾ ਰਹੀ ਹੈ